ਨਵੀਂ ਦਿੱਲੀ:ਆਪਣੀ ਟੀਮ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਹਾਕੀ ਟੀਮ ਦਾ ਸਮਰਥਨ ਕਰਨ ਵਾਲੇ ਪਾਕਿਸਤਾਨ ਦੇ ਓਲੰਪਿਕ ਸੋਨ ਤਗਮਾ ਜੇਤੂ ਸਾਬਕਾ ਕਪਤਾਨ ਹਸਨ ਸਰਦਾਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਦੀ ਟੀਮ ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤ ਸਕਦੀ ਹੈ। ਸਰਦਾਰ ਨੇ ਕਿਹਾ, ‘‘ਪਾਕਿਸਤਾਨੀ ਹਾਕੀ ਟੀਮ ਓਲੰਪਿਕ ਵਿੱਚ ਨਾ ਹੋਣ ਕਰਕੇ ਮੈਂ ਭਾਰਤੀ ਟੀਮ ਦਾ ਸਮਰਥਨ ਕਰਾਂਗਾ। ਪਿਛਲੇ ਦੋ-ਤਿੰਨ ਸਾਲਾਂ ਵਿੱਚ ਭਾਰਤ ਨੇ ਜ਼ਬਰਦਸਤ ਹਾਕੀ ਖੇਡ ਕੇ ਦੁਨੀਆਂ ਦੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਹੈ। ਮੈਨੂੰ ਲੱਗਦਾ ਹੈ ਕਿ ਭਾਰਤੀ ਹਾਕੀ ਟੀਮ ਓਲੰਪਿਕ ਤਗਮਾ ਜਿੱਤਣ ਦੀ ਮੁੱਖ ਦਾਅਵੇਦਾਰ ਹੈ।’’