ਟੇਰਾਸਾ (ਸਪੇਨ), 27 ਜੁਲਾਈ
ਭਾਰਤੀ ਹਾਕੀ ਟੀਮ ਇੱਥੇ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ’ਤੇ ਹੋ ਰਹੇ ਕੌਮਾਂਤਰੀ ਟੂਰਨਾਮੈਂਟ ’ਚ ਮੇਜ਼ਬਾਨ ਸਪੇਨ ਤੋਂ 1-2 ਨਾਲ ਹਾਰ ਗਈ। ਕਪਤਾਨ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ’ਚ ਟੀਮ ਲਈ ਇਕਲੌਤਾ ਗੋਲ ਕੀਤਾ ਜਦਕਿ ਸਪੇਨ ਵੱਲੋਂ ਪੀ. ਕੁਨਿਲ ਨੇ 11ਵੇਂ ਮਿੰਟ ਅਤੇ ਜੇ. ਮੇਨਿਨੀ ਨੇ 33ਵੇਂ ਮਿੰਟ ’ਚ ਗੋਲ ਦਾਗੇ। ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ ’ਚ ਕਈ ਮੌਕੇ ਬਣਾਏ ਪਰ ਗੋਲ ਨਹੀਂ ਹੋ ਸਕਿਆ। ਸਪੇਨ ਨੇ ਪਹਿਲੇ ਕੁਆਰਟਰ ’ਚ ਲੈਅ ਹਾਸਲ ਕਰਕੇ ਕੁਨਿਲ ਦੇ ਗੋਲ ਸਦਕਾ ਲੀਡ ਹਾਸਲ ਕੀਤੀ। ਭਾਰਤ ਨੇ ਦੂਜੇ ਕੁਆਰਟਰ ’ਚ ਜਵਾਬੀ ਹਮਲਾ ਕੀਤਾ ਪਰ ਸਪੇਨੀ ਡਿਫੈਂਡਰਾਂ ਨੇ ਭਾਰਤੀ ਸਟਰਾਈਕਰਾਂ ਦੇ ਹਮਲਿਆਂ ਨੂੰ ਅਸਫਲ ਬਣਾ ਦਿੱਤਾ ਅਤੇ ਭਾਰਤੀ ਟੀਮ ਇਸ ਕੁਆਰਟਰ ’ਚ ਕੋਈ ਗੋਲ ਨਾ ਕਰ ਸਕੀ। ਹਾਫ ਟਾਈਮ ਮਗਰੋਂ ਭਾਰਤ ਨੇ ਕਾਫੀ ਹਮਲਾਵਰ ਖੇਡ ਦਿਖਾਈ ਪਰ ਸਪੇਨ ਦੀ ਚੌਕਸ ਰੱਖਿਆਪੰਕਤੀ ਨੇ ਗੋਲ ਕਰਨ ਦਾ ਕੋਈ ਮੌਕਾ ਨਾ ਦਿੱਤਾ। ਮੇਨਿਨ ਨੇ ਅੱਧੇ ਸਮੇਂ ਮਗਰੋਂ ਤਿੰਨ ਮਿੰਟਾਂ ਦੌਰਾਨ ਹੀ ਗੋਲ ਕਰਕੇ ਸਪੇਨ ਦੀ ਲੀਡ ਦੁੱਗਣੀ ਕਰ ਦਿੱਤੀ। ਚੌਥੇ ਕੁਆਰਟਰ ’ਚ ਭਾਰਤੀ ਟੀਮ ਨੂੰ ਕਈ ਮੌਕੇ ਮਿਲੇ ਪਰ ਟੀਮ ਲੀਡ ਨਾ ਘਟਾ ਸਕੀ।