ਟੋਕੀਓ: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਦੱਸਿਆ ਕਿ ਜੇ ਕਰੋਨਾ ਕਾਰਨ ਹਾਕੀ ਦਾ ਫਾਈਨਲ ਮੈਚ ਰੱਦ ਹੁੰਦਾ ਹੈ ਤਾਂ ਫਾਈਨਲ ਵਿੱਚ ਪਹੁੰਚੀਆਂ ਦੋਹਾਂ ਟੀਮਾਂ ਨੂੰ ਸੋਨ ਤਗਮੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੀਮਾਂ ਕੋਲ ਕਰੋਨਾ ਕਾਰਨ ਮੁਕਾਬਲੇ ’ਚੋਂ ਨਾਂ ਵਾਪਸ ਲੈਣ ਦਾ ਅਧਿਕਾਰ ਹੋਵੇਗਾ। ਐੱਫਆਈਐੱਚ ਦੇ ਸੀਈਓ ਥੀਏਰੀ ਵੀਲ ਨੇ ਕਿਹਾ, ‘‘ਇਹ ਆਮ ਖੇਡਾਂ ਨਾਲੋਂ ਅਲੱਗ ਹੈ। ਇਹ ਪਹਿਲਾਂ ਵਰਗਾ ਓਲੰਪਿਕ ਨਹੀਂ ਹੈ। ਸਾਰੇ ਖਿਡਾਰੀਆਂ ਅਤੇ ਸਬੰਧਤ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਸਿਹਤ ਦਾਅ ’ਤੇ ਹੈ।’’ ਕਰੋਨਾ ਕਾਰਨ ਹਾਕੀ ਟੀਮ ਵੱਲੋਂ ਨਾਂ ਵਾਪਸ ਲੈਣ ਸਬੰਧੀ ਨਿਯਮਾਂ ਬਾਰੇ ਉਨ੍ਹਾਂ ਕਿਹਾ, ‘‘ਕੋਈ ਅੰਕੜਾ ਤੈਅ ਨਹੀਂ ਹੈ। ਇਹ ਟੀਮ ’ਤੇ ਨਿਰਭਰ ਕਰਦਾ ਹੈ। ਛੇ-ਸੱਤ ਮਾਮਲੇ ਸਾਹਮਣੇ ਆਉਣ ’ਤੇ ਵੀ ਟੀਮ ਖੇਡ ਸਕਦੀ ਹੈ। ਪੂਰੀ ਟੀਮ ਪ੍ਰਭਾਵਿਤ ਹੋਣ ’ਤੇ ਹੀ ਨਾਂ ਵਾਪਸ ਲੈਣ ਦੀ ਨੌਬਤ ਆਵੇਗੀ।’’