ਬਿਊਨਸ ਆਇਰਸ:ਹਰਮਨਪ੍ਰੀਤ ਸਿੰਘ ਅਤੇ ਗੋਲਕੀਪਰ ਪੀ.ਆਰ ਸ੍ਰਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਪਹਿਲੇ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਪੈਨਲਟੀ ਸ਼ੂਟ-ਆਊਟ ਵਿੱਚ ਹਰਾ ਦਿੱਤਾ। ਦੋਵਾਂ ਟੀਮਾਂ ਵਿਚਾਲੇ ਹੋਏ ਇਸ ਮੁਕਾਬਲੇ ਦੇ 21ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿਵਾਈ ਪਰ ਮਾਰਟਿਨ ਫਰੇਰੋ ਨੇ 28ਵੇਂ ਅਤੇ 30ਵੇਂ ਮਿੰਟ ’ਚ ਲਗਾਤਾਰ ਦੋ ਗੋਲ ਕਰ ਕੇ ਮੇਜ਼ਬਾਨ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਜਦੋਂ ਭਾਰਤੀ ਟੀਮ ਦੀ ਹਾਰ ਲਗਪਗ ਤੈਅ ਦਿਖਾਈ ਦੇ ਰਹੀ ਸੀ ਤਾਂ ਹਰਮਨਪ੍ਰੀਤ ਨੇ 60ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਇੱਕ ਹੋਰ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਪੈਨਲਟੀ ਸ਼ੂਟ-ਆਊਟ ’ਚ ਗੋਲਕੀਪਰ ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੋਨਸ ਅੰਕ ਹਾਸਲ ਕੀਤਾ ਅਤੇ ਦਿਲਪ੍ਰੀਤ ਸਿੰਘ ਨੇ ਗੋਲ ਕਰ ਕੇ ਸ਼ੂਟ-ਆਊਟ ’ਚ ਭਾਰਤ ਦੀ ਜਿੱਤ ਪੱਕੀ ਕੀਤੀ।