ਨਵੀਂ ਦਿੱਲੀ, 8 ਨਵੰਬਰ
ਚੀਨ ਖ਼ਿਲਾਫ਼ ਏਸ਼ੀਆ ਕੱਪ ਦੇ ਫਾਈਨਲ ’ਚ ਫ਼ੈਸਲਾਕੁਨ ਪੈਨਲਟੀ ਸ਼ਾਟ ਰੋਕ ਕੇ 13 ਸਾਲ ਮਗਰੋਂ ਭਾਰਤ ਦੀ ਖ਼ਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੌਂ ਸਾਲ ਦੇ ਕੌਮਾਂਤਰੀ ਕਰੀਅਰ ’ਚ ਤਮਾਮ ਪ੍ਰਾਪਤੀਆਂ ਦੇ ਬਾਵਜੂਦ ਅਜੇ ਤੱਕ ਨੌਕਰੀ ਹਾਸਲ ਨਹੀਂ ਕਰ ਸਕੀ ਹੈ। ਭਾਰਤੀ ਮਹਿਲਾ ਟੀਮ ਲਈ 2008 ’ਚ ਪਹਿਲਾ ਮੈਚ ਖੇਡਣ ਵਾਲੀ ਸਵਿਤਾ ਨੇ ਜਪਾਨ ਦੇ ਕਾਕਾਮਿਗਹਾਰਾ ’ਚ ਹੀ ਆਪਣੇ ਕਰੀਅਰ ਦਾ 150ਵਾਂ ਕੌਮਾਂਤਰੀ ਮੈਚ ਖੇਡਿਆ। ਉਹ ਆਪਣੇ ਮਰਹੂਮ ਦਾਦਾ ਮਹਿੰਦਰ ਸਿੰਘ ਦੀ ਇੱਛਾ ਪੂਰੀ ਕਰਨ ਲਈ ਹਾਕੀ ’ਚ ਕਰੀਅਰ ਬਣਾਉਣ ਵਾਲੀ ਸਵਿਤਾ ਨੇ ਮੈਦਾਨ ’ਤੇ ਤਾਂ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕੀਤੀਆਂ, ਪਰ ਨਿੱਜੀ ਜੀਵਨ ’ਚ ਅਜੇ ਤੱਕ ਆਪਣੇ ਲਈ ਰੁਜ਼ਗਾਰ ਹਾਸਲ ਨਹੀਂ ਕਰ ਸਕੀ।
ਜਪਾਨ ਤੋਂ ਵਾਪਸ ਆਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਸਿਰਸਾ ਦੀ ਇਸ ਗੋਲਕੀਪਰ ਨੇ ਕਿਹਾ, ‘ਮੇਰੀ ਉਮਰ 27 ਸਾਲ ਦੀ ਹੋਣ ਵਾਲੀ ਹੈ ਤੇ ਪਿਛਲੇ ਨੌਂ ਸਾਲਾਂ ਤੋਂ ਨੌਕਰੀ ਮਿਲਣ ਦੀ ਉਡੀਕ ਕਰ ਰਹੀ ਹਾਂ।
ਹਰਿਆਣਾ ਸਰਕਾਰ ਦੀ ਮੈਡਲ ਲਿਆਓ, ਨੌਕਰੀ ਪਾਓ ਯੋਜਨਾ ਤਹਿਤ ਉਸ ਨੂੰ ਆਸ ਬੱਝੀ ਸੀ, ਪਰ ਉਥੋਂ ਸਿਰਫ਼ ਭਰੋਸੇ ਹੀ ਮਿਲਦੇ ਰਹੇ ਹਨ।’ ਏਸ਼ੀਆ ਕੱਪ 2013 ’ਚ ਵੀ ਮਲੇਸ਼ੀਆ ਖ਼ਿਲਾਫ਼ ਕਾਂਸੀ ਤਗ਼ਮੇ ਦੇ ਮੁਕਾਬਲੇ ’ਚ ਦੋ ਅਹਿਮ ਪੈਨਲਟੀ ਕਾਰਨਰ ਬਚਾ ਕੇ ਭਾਰਤ ਨੂੰ ਤਗ਼ਮਾ ਦਿਵਾਉਣ ਵਾਲੀ ਸਵਿਤਾ ਦੇ ਪਿਤਾ ਫਾਰਮਾਸਿਸਟ ਹਨ ਤੇ ਆਪਣੇ ਖਰਚੇ ਲਈ ਉਸ ਨੂੰ ਆਪਣੇ ਪਿਤਾ ਦੀ ਕਮਾਈ ’ਤੇ ਹੀ ਨਿਰਭਰ ਰਹਿਦਾ ਪੈਂਦਾ ਹੈ।
ਸਵਿਤਾ ਨੇ ਕਿਹਾ, ‘ਮੈਂ ਨੌਂ ਸਾਲ ਤੋਂ ਹਾਕੀ ਖੇਡ ਰਹੀ ਹਾਂ ਅਤੇ ਅੱਜ ਵੀ ਆਪਣੇ ਖਰਚ ਲਈ ਮਾਪਿਆਂ ਤੋਂ ਪੈਸਾ ਲੈਣਾ ਪੈਂਦਾ ਹੈ ਜਦਕਿ ਇਸ ਉਮਰ ’ਚ ਮੈਨੂੰ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਹਰ ਸਮੇਂ ਦਿਮਾਗ ’ਚ ਪ੍ਰੇਸ਼ਾਨੀ ਰਹਿੰਦੀ ਹੈ। ਮੈਂ ਆਪਣੇ ਪ੍ਰਦਰਸ਼ਨ ’ਤੇ ਇਸ ਦਾ ਅਸਰ ਨਹੀਂ ਪੈਣ ਦਿੰਦੀ, ਪਰ ਹਰ ਜਿੱਤ ਨਾਲ ਉਮੀਦ ਬੱਝਦੀ ਹੈ ਤੇ ਫਿਰ ਟੁੱਟ ਜਾਂਦੀ ਹੈ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ।’ ਰੀਓ ਓਲੰਪਿਕਸ ਤੋਂ ਬਾਅਦ ਉਸ ਨੇ ਭਾਰਤੀ ਖੇਡ ਅਥਾਰਿਟੀ ’ਚ ਵੀ ਹਾਕੀ ਕੋਚਿੰਗ ਲਈ ਅਰਜ਼ੀ ਭਰੀ ਸੀ, ਪਰ ਉੱਥੋਂ ਵੀ ਜਵਾਬ ਦੀ ਉਡੀਕ ਹੈ। ਹੁਣ ਏਸ਼ੀਆ ਕੱਪ ’ਚ ਜਿੱਤ ਮਗਰੋਂ ਸਵਿਤਾ ਨੂੰ ਫਿਰ ਆਸ ਬੱਝੀ ਹੈ ਕਿ ਖੁਦ ਓਲੰਪਿਕ ਤਗ਼ਮਾ ਜੇਤੂ ਰਹੇ ਖੇਡ ਮੰਤਰੀ ਰਾਜ ਵਰਧਨ ਸਿੰਘ ਰਾਠੌੜ ਉਸ ਦੀ ਹਾਲਤ ਨੂੰ ਸਮਝਣਗੇ ਤੇ ਉਸ ਨੂੰ ਜਲਦੀ ਹੀ ਕੋਈ ਨੌਕਰੀ ਮਿਲੇਗੀ। ਉਸ ਨੇ ਕਿਹਾ ਕਿ ਇਹ ਬਹੁਤ ਵੱਡੀ ਜਿੱਤ ਹੈ ਤੇ ਰੀਓ ਓਲੰਪਿਕ ਕੁਆਲੀਫਿਕੇਸ਼ਨ ਮਗਰੋਂ ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਪਲ ਹੈ।
ਆਪਣੇ ਪ੍ਰਦਰਸ਼ਨ ਦਾ ਸਿਹਰਾ ਗੋਲਕੀਪਿੰਗ ਕੋਚ ਤੇ ਭਾਰਤ ਦੇ ਸਾਬਕਾ ਗੋਲਕੀਪਰ ਭਰਤ ਛੇਤਰੀ ਅਤੇ ਮੁੱਖ ਕੋਚ ਹਰਿੰਦਰ ਸਿੰਘ ਨੂੰ ਦਿੰਦਿਆਂ ਉਸ ਨੇ ਕਿਹਾ, ‘ਏਸ਼ੀਆ ਕੱਪ ’ਚ ਜਿੱਤ ਨਾਲ ਭਾਰਤ ’ਚ ਹਾਕੀ ਦੀ ਹਰਮਨਪਿਆਰਤਾ ਵਧੇਗੀ ਤੇ ਮੈਨੂੰ ਯਕੀਨ ਹੈ ਕਿ ਹੋਰ ਲੜਕੀਆਂ ਵੀ ਮੈਦਾਨ ’ਚ ਆਉਣਗੀਆਂ। ਅਸੀਂ ਆਪਣੇ ਦਮ ’ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਪ੍ਰਦਰਸ਼ਨ ਦੁਹਰਾਇਆ ਜਾਵੇਗਾ।
ਵਤਨ ਪਰਤਣ ’ਤੇ ਹਾਕੀ ਖਿਡਾਰਨਾਂ ਦਾ ਸਵਾਗਤ
ਏਸ਼ੀਆ ਕੱਪ ’ਚ 13 ਸਾਲ ਦੇ ਲੰਮੇ ਵਕਫੇ ਮਗਰੋਂ ਖ਼ਿਤਾਬ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਸੋਮਵਾਰ ਰਾਤ ਵਤਨ ਪਰਤਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਏਸ਼ੀਆ ਕੱਪ ਜੇਤੂ ਭਾਰਤੀ ਮਹਿਲਾ ਹਾਕੀ ਟੀਮ ਜਦੋਂ ਕੱਲ ਰਾਤ ਵਤਨ ਪਰਤੀ ਤਾਂ ਉਸ ਦੇ ਸਵਾਗਤ ਲਈ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕ ਮੌਜੂਦ ਸਨ। ਖਿਡਾਰਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮਿਠਾਈਆਂ ਖੁਆਈਆਂ।