ਨਵੀਂ ਦਿੱਲੀ, 2 ਮਾਰਚ
ਭਾਰਤੀ ਪੁਰਸ਼ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਅੱਜ ਕਿਹਾ ਕਿ ਜੇਕਰ ਉਸ ਨੇ ਟੋਕੀਓ ਓਲੰਪਿਕ ਵਿੱਚ ਪੋਡੀਅਮ ਸਥਾਨ ਹਾਸਲ ਕਰਨਾ ਹੈ ਤਾਂ ਉਸ ਨੂੰ ਸਾਰੇ ਮੈਚਾਂ ਵਿੱਚ ਅਤੇ ਖੇਡ ਦੇ ਹਰੇਕ ਵਿਭਾਗ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਹ ਹਾਲ ਹੀ ਵਿੱਚ ਨੀਦਰਲੈਂਡ, ਵਿਸ਼ਵ ਚੈਂਪੀਅਨ ਬੈਲਜੀਅਮ ਅਤੇ ਆਸਟਰੇਲੀਆ ਖ਼ਿਲਾਫ਼ ਐੱਫਆਈਐੱਚ ਪ੍ਰੋ-ਲੀਗ ਮੈਚਾਂ ਵਿੱਚ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਸੀ।
ਉਸ ਨੇ ਕਿਹਾ, ‘‘ਐੱਫਆਈਐੱਚ ਹਾਕੀ ਪ੍ਰੋ-ਲੀਗ ਵਿੱਚ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਅਸੀਂ ਸਾਬਤ ਕਰ ਦਿੱਤਾ ਕਿ ਅਸੀਂ ਦੁਨੀਆਂ ਦੀਆਂ ਸਰਵੋਤਮ ਟੀਮਾਂ ਖ਼ਿਲਾਫ਼ ਚੰਗਾ ਨਤੀਜਾ ਹਾਸਲ ਕਰ ਸਕਦੇ ਹਾਂ। ਇਹ ਹੌਸਲਾ ਵਧਾਉਣ ਵੱਲ ਅਗਲਾ ਕਦਮ ਹੈ।’’
ਰੀਡ ਨੇ ਕਿਹਾ, ‘‘ਨਾਲ ਹੀ ਇਹ ਵਿਖਾਉਂਦਾ ਹੈ ਕਿ ਜਿਨ੍ਹਾਂ ਚੀਜ਼ਾਂ ’ਤੇ ਅਸੀਂ ਕੰਮ ਕਰ ਰਹੇ ਹਾਂ, ਉਸ ਦਾ ਫ਼ਾਇਦਾ ਹੋ ਰਿਹਾ ਹੈ। ਫਿਰ ਵੀ ਸਾਨੂੰ ਵੱਧ ਲਗਾਤਾਰਤਾ ਰੱਖਣੀ ਹੋਵੇਗੀ ਅਤੇ ਅਜਿਹਾ ਸਿਰਫ਼ ਮੈਚਾਂ ਵਿੱਚ ਹੀ ਨਹੀਂ, ਬਲਕਿ ਖੇਡ ਦੇ ਹਰ ਪਹਿਲੂ ਲਈ ਵੀ ਜ਼ਰੂਰੀ ਹੋਵੇਗਾ।’’ ਹਾਕੀ ਇੰਡੀਆ ਨੇ ਅੱਜ ਪੁਰਸ਼ ਕੌਮੀ ਕੈਂਪ ਲਈ 32 ਮੈਂਬਰੀ ਸੰਭਾਵੀ ਖਿਡਾਰੀਆਂ ਦੇ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ ਸੋਮਵਾਰ ਤੋਂ ਬੰਗਲੌਰ ਦੇ ਭਾਰਤੀ ਖੇਡ ਅਥਾਰਟੀ (ਸਾਈ) ਵਿੱਚ ਸ਼ੁਰੂ ਹੋਵੇਗਾ।
ਰੀਡ ਨੇ ਕਿਹਾ, ‘‘ਇਸ ਕੈਂਪ ਮਗਰੋਂ ਅਸੀਂ ਜਰਮਨੀ ਅਤੇ ਇੰਗਲੈਂਡ ਖੇਡਣ ਲਈ ਜਾਵਾਂਗੇ। ਇਹ ਮੈਚ ਸਾਨੂੰ ਓਲੰਪਿਕ ਖੇਡਾਂ-2020 ਵੱਲ ਵਧਣ ਲਈ ਲਾਜ਼ਮੀ ਸੁਧਾਰ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਨਗੇ।’’