ਫ਼ਰੀਦਕੋਟ, ਇੱਥੇ ਖੇਡੇ ਜਾ ਰਹੇ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਦੂਜੇ ਦਿਨ ਬੀਐੱਸਐੱਫ ਜਲੰਧਰ ਨੇ ਸਿਗਨਲਜ਼ ਜਲੰਧਰ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ਰਾਹੀਂ 5-4 ਗੋਲਾਂ ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਵਿਚਾਲੇ ਮੈਚ 2-2 ਗੋਲ ਨਾਲ ਬਰਾਬਰ ਰਹਿਣ ਮਗਰੋਂ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਸੀ। ਇਸ ਤੋਂ ਇਲਾਵਾ ਦੋ ਹੋਰ ਮੈਚਾਂ ਵਿੱਚ ਸੀਆਰਪੀਐੱਫ ਦਿੱਲੀ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ ਨੂੰ 2-1 ਨਾਲ ਅਤੇ ਸੁਰਜੀਤ ਅਕੈਡਮੀ ਜਲੰਧਰ ਨੇ ਸੀਆਈਏ ਐੱਸਐੱਫ ਦਿੱਲੀ ਨੂੰ 6-0 ਗੋਲਾਂ ਦੇ ਫ਼ਰਕ ਨਾਲ ਹਰਾਇਆ।
ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ, ਸਕੱਤਰ ਖੁਸ਼ਵੰਤ ਸਿੰਘ, ਹਰਦੇਵ ਸਿੰਘ, ਗੁਰਿੰਦਰ ਸਿੰਘ ਬਾਵਾ, ਚਰਨਬੀਰ ਸਿੰਘ ਚੰਨਾ, ਪਰਮਪਾਲ ਸਿੰਘ ਅਤੇ ਭੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ 21 ਸਤੰਬਰ ਨੂੰ ਸੀਆਰਪੀਐੱਫ ਕਪੂਰਥਲਾ, ਬੀਐੱਸਐਫ ਜਲੰਧਰ, ਪੰਜਾਬ ਤੇ ਸਿੰਧ ਹਾਕੀ ਅਕੈਡਮੀ ਜਲੰਧਰ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਪੰਜਾਬ ਪੁਲੀਸ ਅਤੇ ਸੀਆਰਪੀਐੱਫ ਦਿੱਲੀ ਦਰਮਿਆਨ ਮੈਚ ਕਰਵਾਏ ਜਾਣਗੇ।