ਬੰਗਲੂਰੂ:ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਇਸ ਸਾਲ ਸਤੰਬਰ-ਅਕਤੂਬਰ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਤੋਂ ਪਹਿਲਾਂ ਚੇਨੱਈ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਕਾਫੀ ਅਹਿਮ ਹੋਵੇਗੀ। ਭਾਰਤ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰੇਗਾ। ਹਰਮਨਪ੍ਰੀਤ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਇਸ ਟੂਰਨਾਮੈਂਟ ਰਾਹੀਂ ਖੁਦ ਨੂੰ ਪਰਖਣ ਦਾ ਚੰਗਾ ਮੌਕਾ ਹੋਵੇਗਾ ਕਿਉਂਕਿ ਅਸੀਂ ਉਨ੍ਹਾਂ ਟੀਮਾਂ ਦਾ ਸਾਹਮਣਾ ਕਰਾਂਗੇ ਜਿਨ੍ਹਾਂ ਨਾਲ ਅਸੀਂ ਏਸ਼ੀਅਨ ਖੇਡਾਂ ਵਿੱਚ ਭਿੜਾਂਗੇ। ਏਸ਼ੀਅਨ ਖੇਡਾਂ ਤੋਂ ਪਹਿਲਾਂ ਟੀਮ ਲਈ ਇਹ ਸਖ਼ਤ ਇਮਤਿਹਾਨ ਹੋਵੇਗਾ।’’ ਹਰਮਨਪ੍ਰੀਤ ਨੇ ਕਿਹਾ, “ਇਸ ਨਾਲ ਸਾਨੂੰ ਆਪਣੇ ਵਿਰੋਧੀਆਂ ਨੂੰ ਵੀ ਪਰਖਣ ਦਾ ਮੌਕਾ ਮਿਲੇਗਾ।’’