ਓਟਵਾ, ਕਿਊਬਿਕ ਤੋਂ ਐਮਪੀ ਗਾਇ ਕੈਰਨ, ਜਿਹੜੇ ਧਾਰਮਿਕ ਚਿੰਨ੍ਹਾਂ ਤੇ ਧਰਮਨਿਰਪੱਖਤਾ ਦੀ ਲੜਾਈ ਨੂੰ ਐਨਡੀਪੀ ਦੀ ਲੀਡਰਸਿ਼ਪ ਦੌੜ ਤੱਕ ਖਿੱਚ ਲਿਆਏ ਸਨ, ਹੁਣ ਪਾਰਲੀਆਮੈਂਟ ਵਿੱਚ ਪਾਰਟੀ ਦੀ ਅਗਵਾਈ ਕਰਨਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਨਵ-ਨਿਯੁਕਤ ਆਗੂ ਜਗਮੀਤ ਸਿੰਘ ਕੋਲ ਸੀਟ ਨਹੀਂ ਹੈ।
ਜਗਮੀਤ ਸਿੰਘ ਤੇ ਕੈਰਨ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਹਾਊਸ ਆਫ ਕਾਮਨਜ਼ ਦੇ ਬਾਹਰ ਪਾਰਟੀ ਦੇ ਐਮਪੀਜ਼ ਸਾਹਮਣੇ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਇਸ ਲਈ ਕੈਰਨ ਦੀ ਚੋਣ ਕੀਤੀ ਹੈ ਤਾਂ ਕਿ ਕਿਊਬਿਕ ਦੀ ਅਹਿਮੀਅਤ ਵਿਖਾਈ ਜਾ ਸਕੇ। ਕਿਊਬਿਕ ਵਿੱਚ ਪਾਰਟੀ ਕੋਲ 44 ਵਿੱਚੋਂ 16 ਸੀਟਾਂ ਹਨ। ਪਾਰਟੀ ਨੇ 2011 ਵਿੱਚ ਜੈੱਕ ਲੇਯਟਨ ਦੀ ਅਗਵਾਈ ਵਿੱਚ ਇੱਥੇ ਇਤਿਹਾਸਕ ਪ੍ਰਾਪਤੀ ਕੀਤੀ ਸੀ।
ਜਗਮੀਤ ਸਿੰਘ ਖਿਲਾਫ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਤੇ ਚੌਥੇ ਸਥਾਨ ਉੱਤੇ ਰਹਿਣ ਵਾਲੇ ਕੈਰਨ ਇਹ ਸਪਸ਼ਟ ਕਰ ਚੁੱਕੇ ਹਨ ਕਿ ਫਰੈਂਚ ਬੋਲਣ ਵਾਲੇ ਪ੍ਰੋਵਿੰਸ ਵਿੱਚ ਜਿੱਤ ਹਾਸਲ ਕੀਤੇ ਬਿਨਾਂ ਜਨਰਲ ਚੋਣਾਂ ਵਿੱਚ ਜਿੱਤ ਦਰਜ ਨਹੀਂ ਕਰਵਾਈ ਜਾ ਸਕਦੀ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਨਾ ਸਿਰਫ ਉੱਥੇ ਸੀਟਾਂ ਜਿੱਤਣ ਵਿੱਚ ਕਾਮਯਾਬ ਰਹਾਂਗੇ ਸਗੋਂ ਅਸੀਂ ਆਪਣਾ ਆਧਾਰ ਵੀ ਮਜ਼ਬੂਤ ਕਰਾਂਗੇ। ਸਾਡੀਆਂ ਕਦਰਾਂ ਕੀਮਤਾਂ ਤੇ ਕਿਊਬਿਕ ਲਈ ਸਾਡੇ ਕੋਲ ਜਿਹੜੀ ਖਾਸ ਪੇਸ਼ਕਸ਼ ਹੈ ਉਸ ਨਾਲ ਅਸੀਂ ਯਕੀਨਨ ਪਾਰਟੀ ਦਾ ਉੱਥੇ ਪਸਾਰ ਕਰਨ ਵਿੱਚ ਕਾਮਯਾਬ ਰਹਾਂਗੇ।
ਜਗਮੀਤ ਸਿੰਘ 2011 ਤੋਂ ਬਰੈਂਪਟਨ ਵਿੱਚ ਐਮਪੀਪੀ ਹਨ। ਉਨ੍ਹਾਂ ਆਖਿਆ ਕਿ ਉਹ ਜਲਦ ਤੋਂ ਜਲਦ ਕੁਈਨਜ਼ ਪਾਰਕ ਵਿਚਲੀ ਆਪਣੀ ਸੀਟ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਫੈਡਰਲ ਐਮਪੀ ਬਣਨ ਦਾ ਕੋਈ ਵਾਅਦਾ ਨਹੀਂ ਕੀਤਾ। ਇਸ ਦੌਰਾਨ ਕੈਰਨ ਨੇ ਮੰਨਿਆ ਕਿ ਹਾਊਸ ਆਫ ਕਾਮਨਜ਼ ਵਿੱਚ ਟੌਮ ਮਲਕੇਅਰ ਦੀ ਥਾਂ ਲੈਣ ਦੀ ਵੱਡੀ ਜਿ਼ੰਮੇਵਾਰੀ ਉਨ੍ਹਾਂ ਦੇ ਮੋਢਿਆਂ ਉੱਤੇ ਆ ਪਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਹਾਊਸ ਆਫ ਕਾਮਨਜ਼ ਵਿੱਚ ਜਗਮੀਤ ਸਿੰਘ ਦੀ ਆਵਾਜ਼ ਬਣਨਗੇ ਤੇ ਉਨ੍ਹਾਂ ਦੀ ਨੁਮਾਇੰਦਗੀ ਕਰਨਗੇ।