ਓਟਵਾ, 15 ਮਾਰਚ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਹਾਊਸ ਆਫ ਕਾਮਨਜ਼ ਨੂੰ ਮੰਗਲਵਾਰ ਨੂੰ ਸੰਬੋਧਨ ਕਰਕੇ ਇਤਿਹਾਸ ਰਚਿਆ ਜਾਵੇਗਾ।
ਵੋਲੋਦੀਮੀਅਰ ਜੈ਼ਲੈਂਸਕੀ ਵੱਲੋਂ ਵਰਚੂਅਲ ਤੌਰ ਉੱਤੇ ਆਪਣਾ ਭਾਸ਼ਣ ਕੈਨੇਡੀਅਨ ਪਾਰਲੀਆਮੈਂਟ ਵਿੱਚ ਦਿੱਤਾ ਜਾਵੇਗਾ।ਜਿ਼ਕਰਯੋਗ ਹੈ ਕਿ ਜ਼ੈਲੈਂਸਕੀ ਦਾ ਦੇਸ਼ ਯੂਕਰੇਨ ਰੂਸ ਦੇ ਹਮਲੇ ਕਾਰਨ ਝੰਬਿਆ ਪਿਆ ਹੈ ਤੇ ਇਹ ਸੰਘਰਸ਼ ਹੁਣ ਤੀਜੇ ਹਫਤੇ ਵਿੱਚ ਪਹੁੰਚ ਗਿਆ ਹੈ।ਜੈ਼ਲੈਂਸਕੀ ਯੂਕਰੇਨ ਤੋਂ ਹੀ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਨਗੇ। ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਨੇ ਆਖਿਆ ਕਿ ਮਨੁੱਖੀ ਅਧਿਕਾਰਾਂ ਨੂੰ ਮੰਨਣ ਵਾਲਿਆਂ ਤੇ ਆਜ਼ਾਦੀ ਉੱਤੇ ਪਹਿਰਾ ਦੇਣ ਵਾਲਿਆਂ ਦੀਆਂ ਮਾਨਤਾਵਾਂ ਉੱਤੇ ਹਮਲਾ ਹੋਇਆ ਹੈ।
ਪਿਛਲੇ ਕੁੱਝ ਦਿਨਾਂ ਵਿੱਚ ਰੂਸ ਵੱਲੋਂ ਯੂਕਰੇਨ ਉੱਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ।ਹੁਣ ਤੱਕ ਦੋ ਮਿਲੀਅਨ ਤੋਂ ਵੀ ਵੱਧ ਲੋਕ ਦੇਸ਼ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਰੂਸ ਵੱਲੋਂ ਜ਼ਮੀਨੀ ਹੀ ਨਹੀਂ ਸਗੋਂ ਹਵਾਈ ਹਮਲੇ ਵੀ ਕੀਤੇ ਜਾ ਰਹੇ ਹਨ।ਵਿਦੇਸ਼ ਮੰਤਰੀ ਦੇ ਪਾਰਲੀਆਮੈਂਟਰੀ ਸੈਕਰੇਟਰੀ ਰੌਬ ਓਲੀਫੈਂਟ ਨੇ ਆਖਿਆ ਕਿ ਜੰਗ ਦੌਰਾਨ ਜੈ਼ਲੈਂਸਕੀ ਨੇ ਹੌਂਸਲੇ ਤੋਂ ਕੰਮ ਲਿਆ ਹੈ ਤੇ ਲੀਡਰਸਿ਼ਪ ਦਾ ਮੁਜ਼ਾਹਰਾ ਕੀਤਾ ਹੈ ਤੇ ਭਾਸ਼ਣ ਵਿੱਚ ਵੀ ਉਨ੍ਹਾਂ ਤੋਂ ਇਹੋ ਉਮੀਦ ਹੈ।