ਚੰਡੀਗੜ੍ਹ, 30 ਜੂਨ
ਪੰਜਾਬ ਤੇ ਹਰਿਅਾਣਾ ਹਾਈ ਕੋਰਟ ਨੇ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਰਾਹਤ ਦਿੰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਸਕੂਲ ਟਿਊਸ਼ਨ ਫੀਸ, ਦਾਖਲਾ ਫੀਸ ਤੇ ਸਾਲਾਨਾ ਫੀਸ ਲੈ ਸਕਦੇ ਹਨ ਪਰ ਇਹ ਫੀਸ ਵਧਾਈ ਨਹੀਂ ਜਾਵੇਗੀ ਤੇ ਪਿਛਲੇ ਸਾਲ 2019 ਦੀ ਤਰ੍ਹਾਂ ਹੀ ਚਾਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤਾ ਕਿ ਜੇ ਵਿੱਤੀ ਕਾਰਨ ਮਾਪੇ ਫੀਸ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੀ ਦਲੀਲ ਸੁਣੀ ਜਾਵੇ ਤੇ ਮਾਪੇ ਆਪਣੇ ਵਿੱਤੀ ਹਾਲਾਤ ਦੇ ਵੇਰਵੇ ਸਕੂਲ ਕੋਲ ਪੇਸ਼ ਕਰਨ। ਸਕੂਲ ਉਨ੍ਹਾਂ ਮਾਪਿਆਂ ਦੀ ਹਾਲਤ ਉਪਰ ਹਮਦਰਦੀ ਨਾਲ ਵਿਚਾਰ ਕਰੇ ਨਾਲ ਹੀ ਅਦਾਲਤ ਨੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਵਿੱਤੀ ਹਾਲਤ ਦੇ ਗਲਤ ਵੇਰਵੇ ਨਾ ਦੇਣ। ਜਸਟਿਸ ਨਿਰਮਲਜੀਤ ਕੌਰ ਨੇ ਕਿਹਾ ਕਿ ਜੇ ਸਕੂਲਾਂ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਤਾਂ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਲਿਖਤੀ ਤੌਰ ’ਤੇ ਗੱਲ ਕਰਨ।