* ਸਰਵੇਖਣ ਦੌਰਾਨ ਢਾਂਚੇ ਨੂੰ ਕੋਈ ਨੁਕਸਾਨ ਨਾ ਪਹੁੰਚਾਏ ਜਾਣ ਦੇ ਨਿਰਦੇਸ਼
* ਏਐੱਸਆਈ ਵੱਲੋਂ ਅੱਜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਸਰਵੇਖਣ
ਪ੍ਰਯਾਗਰਾਜ/ਵਾਰਾਨਸੀ, 4 ਅਗਸਤ
ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਵਿਗਿਆਨਕ ਸਰਵੇਖਣ ਦੀ ਆਗਿਆ ਦਿੰਦਿਆਂ ਮੁਸਲਿਮ ਜਥੇਬੰਦੀ ਵੱਲੋਂ ਦਾਖ਼ਲ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ’ਚ ਉਨ੍ਹਾਂ ਹੇਠਲੀ ਅਦਾਲਤ ਦੇ ਏਐੱਸਆਈ ਤੋਂ ਸਰਵੇਖਣ ਕਰਾਉਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਇਸ ’ਚ ਦਖ਼ਲ ਦੇਣ ਦੀ ਲੋੜ ਨਹੀਂ ਹੈ। ਉਂਜ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਸਰਵੇਖਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਖੁਦਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ। ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਐੱਸ ਰਾਜਾਲਿੰਗਮ ਨੇ ਕਿਹਾ ਕਿ ਏਐੱਸਆਈ ਨੇ ਸਰਵੇਖਣ ਸ਼ੁੱਕਰਵਾਰ ਤੋਂ ਸ਼ੁਰੂ ਕਰਨ ਲਈ ਸਥਾਨਕ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ। ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਵੱਲੋਂ ਦਾਖ਼ਲ ਪਟੀਸ਼ਨ ਨੂੰ ਰੱਦ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਏਐੱਸਆਈ ਵੱਲੋਂ ਸਰਵੇਖਣ ਦੌਰਾਨ ਢਾਂਚੇ ਨੂੰ ਕੋਈ ਨੁਕਸਾਨ ਨਾ ਹੋਣ ਦੇ ਦਿੱਤੇ ਗਏ ਭਰੋਸੇ ’ਤੇ ਯਕੀਨ ਨਾ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ। ਹਿੰਦੂ ਧਿਰ ਦੇ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਈ ਕੋਰਟ ਨੇ ਕਿਹਾ ਕਿ ਏਐੱਸਆਈ ਸਰਵੇਖਣ ਬਾਰੇ ਜ਼ਿਲ੍ਹਾ ਅਦਾਲਤ ਦੇ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ,‘‘ਹਾਈ ਕੋਰਟ ਦਾ ਇਹ ਬਹੁਤ ਹੀ ਅਹਿਮ ਫ਼ੈਸਲਾ ਹੈ। ਅੰਜੂਮਨ ਇੰਤਜ਼ਾਮੀਆ ਵੱਲੋਂ ਸਰਵੇਖਣ ਦੌਰਾਨ ਢਾਂਚੇ ’ਤੇ ਅਸਰ ਪੈਣ ਦੀ ਦਲੀਲ ਅਦਾਲਤ ਨੇ ਖਾਰਜ ਕਰ ਦਿੱਤੀ ਹੈ।’’ ਜੈਨ ਨੇ ਕਿਹਾ ਕਿ ਮਸਜਿਦ ਕਮੇਟੀ ਨੇ ਪਹਿਲਾਂ ਦਲੀਲ ਦਿੱਤੀ ਸੀ ਕਿ ਉਸ ਨੂੰ ਹਾਈ ਕੋਰਟ ਕੋਲ ਪਹੁੰਚ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਇਸ ਲਈ ਹਾਈ ਕੋਰਟ ਨੇ ਉਨ੍ਹਾਂ ਦੀਆਂ ਸਾਰੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਮਸਜਿਦ ਕਮੇਟੀ ਦੇ ਵਕੀਲ ਨੇ ਕਿਹਾ ਸੀ ਕਿ ਮਾਮਲਾ ਸੁਪਰੀਮ ਕੋਰਟ ’ਚ ਬਕਾਇਆ ਹੈ ਅਤੇ ਸਰਵੇਖਣ ਉਸ ਦੇ ਫ਼ੈਸਲੇ ਮਗਰੋਂ ਹੀ ਕਰਵਾਇਆ ਜਾਣਾ ਚਾਹੀਦਾ ਹੈ।