ਜੰਡਿਆਲਾ ਗੁਰੂ, 30 ਮਾਰਚ
31 ਮਾਰਚ ਰਾਤ 12 ਵਜੇ ਤੋਂ ਹਾਈਵੇਅ ਉਪਰ ਸਫਰ ਕਰਨਾ ਹੋਰ ਮਹਿੰਗਾ ਹੋ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਆਈ) ਵੱਲੋਂ ਟੌਲ ਦਰਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਤੇ ਇਹ ਵਾਧਾ 31 ਮਾਰਚ ਰਾਤ ਬਾਰਾਂ ਵਜੇ ਤੋਂ ਲਾਗੂ ਹੋ ਜਾਵੇਗਾ। ਟੌਲ ਤੋਂ ਲੰਘਦੀਆਂ ਗੱਡੀਆਂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਸਰਕਾਰ ਵੱਲੋਂ ਪਹਿਲਾਂ ਹੀ ਪੈਟਰੋਲ, ਡੀਜ਼ਲ ਦੇ ਰੇਟਾਂ ਵਿਚ ਨਿੱਤ ਵਾਧਾ ਕੀਤਾ ਜਾ ਰਿਹਾ ਹੈ ਅਤੇ ਉੱਪਰੋਂ ਇਹ ਟੌਲ ਵਿੱਚ ਵਾਧੇ ਦੀ ਨਵੀਂ ਮਾਰ ਨਾਲ ਆਮ ਵਿਅਕਤੀ ਦਾ ਬਜਟ ਹਿੱਲ ਜਾਵੇਗਾ। ਨਿੱਜਰਪੁਰਾ ਟੌਲ ਪਲਾਜ਼ੇ ਦੀਆਂ ਨਵੀਆਂ ਦਰਾਂ ਮੁਤਾਬਕ ਰੇਟ ਕਾਰ ਜੀਪ ਨੂੰ ਇਕ ਵਾਰੀ ਲੰਘਣ ਲੱਗਿਆ 55 ਰੁਪਏ ਅਤੇ ਆਉਣ ਜਾਣ ਦੇ 85 ਰੁਪਏ, ਹਲਕੇ ਕਮਰਸ਼ੀਅਲ ਵਾਹਨਾਂ ਨੂੰ ਇੱਕ ਵਾਰ ਦੇ 95 ਅਤੇ ਆਉਣ ਜਾਣ ਦੇ 140 ਰੁਪਏ, ਬੱਸ ਟਰੱਕ ਨੂੰ ਇੱਕ ਵਾਰ ਦੀ 195 ਅਤੇ ਆਉਣ ਜਾਣ ਦੇ 290 ਰੁਪਏ, ਭਾਰੀ ਕਮਰਸ਼ੀਅਲ ਵਾਹਨ ਨੂੰ ਇਕ ਵਾਰ ਦੇ 210 ਤੇ ਆਉਣ ਜਾਣ ਦੇ 320, ਭਾਰੀ ਕੰਸਟਰੱਕਸ਼ਨ ਮਸ਼ੀਨਰੀ ਨੂੰ ਇੱਕ ਵਾਰ ਦੇ 305 ਤੇ ਆਉਣ ਜਾਣ ਦੇ 455 ਰੁਪਏ ਅਤੇ ਹੋਰ ਭਾਰੀ ਵਾਹਨਾਂ ਨੂੰ ਇੱਕ ਵਾਰ ਦੇ 370 ਤੇ ਆਉਣ ਜਾਣ ਦੇ 555 ਰੁਪਏ ਦੇਣੇ ਪੈਣਗੇ। ਟੌਲ ਅਧਿਕਾਰੀ ਨੇ ਕਿਹਾ ਵੀਹ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਲੋਕਲ ਲੋਕਾਂ ਦੀ ਸਹੂਲਤ ਲਈ ਪ੍ਰਾਈਵੇਟ ਕਾਰਾਂ ਨੂੰ 315 ਰੁਪਏ ਦਾ ਮਹੀਨੇ ਦਾ ਪਾਸ ਮੁਹੱਈਆ ਕਰਵਾਇਆ ਜਾਵੇਗਾ। ਜਿਸ ਵਿਚ ਉਹ ਅਣਗਿਣਤ ਵਾਰ ਟੌਲ ਤੋਂ ਲੰਘ ਸਕਦੇ ਹਨ।