ਫਰੀਦਕੋਟ , 17 ਅਕਤੂਬਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਧਾਰਮਿਕ ਸਥਾਨਾਂ ਤੇ ਬਿਨਾਂ ਆਗਿਆ ਤੋਂ ਦਿਨ ਦੇ ਸਮੇਂ ਲਾਊਡ ਸਪੀਕਰਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ। ਪੰਜ ਵੱਖ-ਵੱਖ ਸਿਵਲ ਰਿੱਟ ਪਟੀਸ਼ਨਾਂ ਅਤੇ ਲੋਕ ਹਿੱਤ ਪਟੀਸ਼ਨਾਂ ਵਿਚ ਆਦੇਸ਼ਾਂ ਨੂੰ ਪਾਸ ਕਰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਧਾਰਮਿਕ ਸੰਸਥਾਵਾਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਵੀ ਅਹਿਦ ਲਿਆ ਜਾਵੇ ਕਿ ਲਾਊਡ ਸਪੀਕਰ ਦੀ ਆਵਾਜ਼ ਦਾ ਪੱਧਰ 10 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਇਹ ਵੀ ਹਦਾਇਤ ਕੀਤੀ ਗਈ ਹੈ ਕਿ ਲਾਊਡ ਸਪੀਕਰ, ਜਨਤਕ ਸੂਚਨਾ ਪ੍ਰਣਾਲੀ, ਸੰਗੀਤ ਦੇ ਸਾਧਨ ਅਤੇ ਸਾਊਂਡ ਐਂਪਲੀਫਾਇਰ ਰਾਤ ਦੇ ਸਮੇਂ ਆਡੀਟੋਰੀਅਮ, ਕਾਨਫਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਟ ਹਾਲ ਆਦਿ ਵਿਚ ਵੀ ਰਾਤ ਦੇ ਸਮੇਂ ਨਾ ਚਲਾਏ ਜਾਣ। ਇਹ ਵੀ ਆਦੇਸ਼ ਦਿੱਤਾ ਗਿਆ ਹੈ ਕਿ ਪਬਲਿਕ ਐਡਰੈਸ ਸਿਸਟਮ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾ ਵਰਤੇ ਜਾਣ। ਸਾਲਾਨਾ ਕੈਲੰਡਰ ਅਨੁਸਾਰ ਪੂਰੇ ਸਾਲ ਵਿਚ 15 ਦਿਨਾਂ ਤੋਂ ਵੱਧ ਨਾ ਹੋਣ ਵਾਲੇ ਕਿਸੇ ਵੀ ਸੱਭਿਆਚਾਰਕ ਜਾਂ ਧਾਰਮਿਕ ਸਮਾਗਮ ਲਈ ਰਾਤ ਨੂੰ 10 ਵਜੇ ਤੋਂ 12 ਵਜੇ ਤੱਕ ਸਾਊਂਡ ਦੀ ਆਗਿਆ ਮਿਲ ਸਕਦੀ ਹੈ। ਸਬੰਧਤ ਅਥਾਰਟੀ ਦੁਆਰਾ ਜਨਤਕ ਸਥਾਨਾਂ, ਨਿੱਜੀ ਸਥਾਨਾਂ, ਆਡੀਟੋਰੀਅਮ, ਕਾਨਫਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਟ ਹਾਲ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਕਰਕੇ ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇਗਾ। ਸਾਲਾਨਾਂ ਇਮਤਿਹਾਨ ਤੋਂ 15 ਦਿਨ ਪਹਿਲਾਂ ਜਾਂ ਇਮਤਿਹਾਨ ਦੌਰਾਨ ਕਿਸੇ ਵੀ ਕਿਸਮ ਦੇ ਲਾਊਡ ਸਪੀਕਰ ਦੀ ਅਗਿਆ ਨਹੀਂ ਹੋਵੇਗੀ।
ਸਮੂਹ ਜ਼ਿਲਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਐਮਰਜੈਂਸੀ ਨੂੰ ਛੱਡ ਕੇ ਰਿਹਾਇਸ਼ੀ ਇਲਾਕਿਆਂ ਵਿਚ ਰਾਤ ਦੇ 10:00 ਵਜੇ ਤੋਂ ਲੈ ਕੇ ਸਵੇਰੇ 6:00 ਵਜੇ ਦੇ ਵਿਚਕਾਰ ਕੋਈ ਵੀ ਸਾਊਂਡ ਸਿਸਟਮ ਨਾ ਚਲਾਇਆ ਜਾਵੇ। ਰਾਤ ਦੇ ਸਮੇਂ 10:00 ਵਜੇ ਤੋਂ 6:00 ਵਜੇ ਤੱਕ ਰਿਹਾਇਸ਼ੀ ਇਲਾਕਿਆਂ ਜਾਂ ਸ਼ਾਂਤ ਖੇਤਰਾਂ ਵਿਚ ਕੋਈ ਆਵਾਜ਼ ਕੱਢਣ ਵਾਲੇ ਉਪਕਰਣ ਨਹੀਂ ਵਰਤੇ ਜਾ ਸਕਦੇ। ਰਾਜ ਭਰ ਵਿਚ ਪ੍ਰੈਸ਼ਰ ਹਾਰਨਾਂ ਤੇ ਵੀ ਰੋਕ ਲਗਾਈ ਗਈ ਹੈ।
ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਆਵਾਜ਼ ਪ੍ਰਦੂਸ਼ਣ ਤੋਂ ਬਚਣ ਲਈ ਮੋਟਰ-ਸਾਇਕਲਾਂ ਨੂੰ ਸਲੰਸਰਾਂ ਨਾਲ ਲੈਸ ਹੋਣੇ ਚਾਹੀਦੇ ਹਨ। ਕੋਈ ਵੀ ਵਿਅਕਤੀ ਮੇਲੇ, ਧਾਰਮਿਕ ਸਮਾਗਮ, ਵਿਆਹ ਜਾਂ ਕਿਸੇ ਜਨਤਕ ਸਮਾਗਮ ਤੇ ਹਥਿਆਰ ਨਹੀਂ ਲੈ ਕੇ ਜਾਵੇਗਾ।
ਲਾਈਵ ਸ਼ੋਅਜ਼ ਵਿਚ ਸ਼ਰਾਬ, ਹੋਰ ਨਸ਼ੇ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗਾਣੇ ਚਲਾਉਣ ਦੀ ਮਨਾਹੀ ਹੈ।
12 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਸਿਨੇਮਾ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੈ, ਜਿੱਥੇ ਏ ਸਰਟੀਫਿਕੇਟ ਫਿਲਮ ਵਿਖਾਈ ਜਾ ਰਹੀ ਹੋਵੇ। ਜ਼ਿਲਾ ਪ੍ਰਸ਼ਾਸ਼ਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਿੱਦਿਅਕ ਅਦਾਰਿਆਂ ਦੇ ਨਜ਼ਦੀਕ ਕਿਸੇ ਵੀ ਜ਼ਿਲੇ ਵਿਚ ਨਗਨ ਪੋਸਟਰ, ਅਰਧ ਨਗਨ ਪੋਸਟਰ ਜਾਂ ਅਸ਼ਲੀਲ ਪੋਸਟਰ ਲਗਾਉਣ ਜਾਂ ਪ੍ਰਦਰਸ਼ਿਤ ਨਾ ਕਰਨ ਦਿੱਤੇ ਜਾਣ।