ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਨੇ ਮੰਗਲਵਾਰ ਨੂੰ ਆਖਿਆ ਕਿ ਸਰਕਾਰ ਦੇ ਖਰਚੇ ਘਟਾਉਣ ਲਈ ਪਬਲਿਕ ਸਰਵਿਸ ਹਾਇਰਿੰਗ ਨੂੰ ਰੋਕਣ ਦਾ ਜਿਹੜਾ ਹੁਕਮ ਉਨ੍ਹਾਂ ਵੱਲੋਂ ਦਿੱਤਾ ਗਿਆ ਸੀ ਉਸ ਵਿੱਚ ਅਧਿਆਪਕਾਂ ਤੇ ਨਰਸਾਂ ਸ਼ਾਮਲ ਨਹੀਂ ਸਨ।
ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਆਖਿਆ ਸੀ ਕਿ ਪਬਲਿਕ ਸਰਵਿਸ ਹਾਇਰਿੰਗ ਉੱਤੇ ਜਿਹੜੀ ਰੋਕ ਲਾਈ ਗਈ ਹੈ ਉਹ ਪੁਲਿਸ, ਕੁਰੈਕਸ਼ਨ ਅਧਿਕਾਰੀਆਂ ਤੇ ਫਾਇਰ ਸਰਵਿਸਿਜ਼ ਉੱਤੇ ਵੀ ਲਾਗੂ ਨਹੀਂ ਹੁੰਦੀ ਹੈ। ਪਰ ਬਾਅਦ ਵਿੱਚ ਕਈ ਆਬਜ਼ਰਵਰਜ਼ ਨੇ ਇਹ ਚਿੰਤਾ ਪ੍ਰਗਟਾਈ ਸੀ ਕਿ ਇਹ ਐਲਾਨ ਹੈਲਥ ਕੇਅਰ ਤੇ ਸਿੱਖਿਆ ਸਬੰਧੀ ਸੇਵਾਵਾਂ ਉੱਤੇ ਅਸਰ ਕਿਵੇਂ ਪਾ ਸਕਦਾ ਹੈ।
ਇਹ ਪੁੱਛੇ ਜਾਣ ਉੱਤੇ ਕਿ ਕੀ ਉਨ੍ਹਾਂ ਵੱਲੋਂ ਹਾਇਰਿੰਗ ਉੱਤੇ ਲਾਈ ਰੋਕ ਤਹਿਤ ਨਰਸਾਂ ਵੀ ਆਉਂਦੀਆਂ ਹਨ ਤਾਂ ਫੋਰਡ ਨੇ ਆਖਿਆ ਕਿ ਬਿਲਕੁਲ ਵੀ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਇਸ ਰੋਕ ਵਿੱਚ ਅਧਿਆਪਕ ਵੀ ਨਹੀਂ ਆਉਂਦੇ। ਪਰ ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਅਸੀਂ ਟੈਕਸਦਾਤਾਵਾਂ ਦੀ ਪਾਈ ਪਾਈ ਦਾ ਹਿਸਾਬ ਜ਼ਰੂਰ ਰੱਖਾਂਗੇ। ਇਹ ਪੁੱਛੇ ਜਾਣ ਉੱਤੇ ਕਿ ਉਹ ਕੈਂਪੇਨ ਦੌਰਾਨ ਆਡਿਟ ਕਰਵਾਉਣ ਦੇ ਕੀਤੇ ਵਾਅਦੇ ਨੂੰ ਕਦੋਂ ਪੂਰਾ ਕਰਨਗੇ ਤਾਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ।
ਐਨਡੀਪੀ ਆਗੂ ਐਂਡਰੀਆ ਹੌਰਵਥ, ਜਿਨ੍ਹਾਂ ਦੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਕੰਮ ਕਰੇਗੀ, ਨੇ ਆਖਿਆ ਕਿ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਫੋਰਡ ਦਾ ਸੱਭ ਤੋਂ ਪਹਿਲਾ ਵੱਡਾ ਕਦਮ ਪਬਲਿਕ ਸੇਵਾਵਾਂ ਵਿੱਚ ਕਟੌਤੀ ਕਰਨਾ ਹੈ। ਦੂਜੇ ਪਾਸੇ ਓਨਟਾਰੀਓ ਨਰਸਿਜ਼ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਵਿੱਕੀ ਮੈਕੇਨਾ ਨੇ ਆਖਿਆ ਕਿ ਨਰਸਾਂ ਨੂੰ ਹਾਇਰਿੰਗ ਫਰੀਜ਼ ਤੋਂ ਛੋਟ ਦੇ ਕੇ ਫੋਰਡ ਨੇ ਬਹੁਤ ਚੰਗਾ ਕੰਮ ਕੀਤਾ ਹੈ ਕਿਉਂਕਿ ਪਹਿਲਾਂ ਹੀ ਹਸਪਤਾਲਾਂ ਵਿੱਚ ਨਰਸਿੰਗ ਸਟਾਫ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ।