ਹਾਂਗਕਾਂਗ, 20 ਜੂਨ
ਹਾਂਗਕਾਂਗ ਦਾ ਮਸ਼ਹੂਰ ਜੰਬੋ ਫਲੋਟਿੰਗ ਰੈਸਟੋਰੈਂਟ ਦੱਖਣੀ ਚੀਨ ਸਾਗਰ ਵਿੱਚ ਡੁੱਬ ਗਿਆ ਹੈ। ਇਸ ਦੀ ਮੂਲ ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਬਰਡੀਨ ਰੈਸਟੋਰੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ ਮੁਤਾਬਕ, ਇਹ ਰੈਸਟੋਰੈਂਟ ਦੱਖਣੀ ਚੀਨ ਸਾਗਰ ਵਿੱਚ ਸ਼ਿਸ਼ਾ ਟਾਪੂ (ਜੋ ਪੈਰਾਸਲ ਟਾਪੂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ) ਕੋਲੋਂ ਸ਼ਨਿੱਚਰਵਾਰ ਨੂੰ ਗੁਜ਼ਰਨ ਸਮੇਂ ‘ਖ਼ਰਾਬ ਸਥਿਤੀ’ ਵਿੱਚ ਸੀ। ਪਾਣੀ ਬੇੜੇ ਵਿੱਚ ਦਾਖ਼ਲ ਹੋਣ ਨਾਲ ਇਹ ਇੱਕ ਪਾਸੇ ਨੂੰ ਝੁਕਣਾ ਸ਼ੁਰੂ ਹੋ ਗਿਆ। ਕੰਪਨੀ ਨੇ ਕਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਰੈਸਟੋਰੈਂਟ ਨੂੰ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਇਹ ਐਤਵਾਰ ਨੂੰ ਪਲਟ ਗਿਆ। 80 ਮੀਟਰ (260 ਫੁੱਟ) ਲੰਬਾ ਜੰਬੋ ਫਲੋਟਿੰਗ ਰੈਸਟੋਰੈਂਟ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਹਾਂਗਕਾਂਗ ਵਿੱਚ ਮੀਲ ਪੱਥਰ ਰਿਹਾ ਹੈ। ਇਹ ਮਹਾਰਾਣੀ ਐਲਿਜਾਬੈੱਥ ਅਤੇ ਹੌਲੀਵੁੱਡ ਅਦਾਕਾਰ ਟੌਮ ਕਰੂਜ਼ ਸਣੇ 30 ਲੱਖ ਤੋਂ ਵੱਧ ਮਹਿਮਾਨਾਂ ਨੂੰ ਖਾਣਾ ਪਰੋਸਦਾ ਰਿਹਾ ਹੈ। ਕਰੋਨਾ ਮਹਾਮਾਰੀ ਕਾਰਨ ਇਹ 2020 ਵਿੱਚ ਬੰਦ ਹੋ ਗਿਆ ਸੀ।