ਮੁੰਬਈ:ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚੇਹਰੇ’ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਵਿੱਚ ਅਦਾਕਾਰਾ ਰੀਆ ਚੱਕਵਰਤੀ ਵੀ ਨਜ਼ਰ ਆਏਗੀ। ਹਾਲਾਂਕਿ ਰੀਆ ਨੂੰ ਇਸ ਪ੍ਰਾਜੈਕਟ ਤੋਂ ਬਾਹਰ ਕਰਨ ਦੀਆਂ ਵੀ ਅਫ਼ਵਾਹਾਂ ਹਨ।

ਪ੍ਰੋਡਿਊਸਰ ਅਨੰਦ ਪੰਡਿਤ ਨੇ ਆਖਿਆ ਕਿ ਰੀਆ ਇਸ ਪ੍ਰਾਜੈਕਟ ਦਾ ਹਿੱਸਾ ਸੀ। ਪੰਡਿਤ ਨੇ ਆਖਿਆ,‘‘ਰੀਆ ਦੇ ਇਸ ਫ਼ਿਲਮ ਵਿੱਚ ਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਇਸ ਫ਼ਿਲਮ ਦਾ ਅਹਿਮ ਹਿੱਸਾ ਸੀ, ਹੈ ਅਤੇ ਰਹੇਗੀ। ਮੈਂ ਸੌਖਿਆਂ ਕਿਸੇ ਪ੍ਰਭਾਵ ਵਿੱਚ ਨਹੀਂ ਆਉਂਦਾ।’’ ਜਾਣਕਾਰੀ ਅਨੁਸਾਰ ਅਦਾਕਾਰਾ ਫ਼ਿਲਮ ਦੇ ਪਹਿਲੇ ਪੋਸਟਰ ਤੇ ਟੀਜ਼ਰ ’ਚੋਂ ਗਾਇਬ ਹੈ। ਉਹ ਫ਼ਿਲਮ ਦਾ ਪ੍ਰਮੋਸ਼ਨ ਵੀ ਨਹੀਂ ਕਰ ਰਹੀ। ਰੀਆ ’ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਅਦਾਕਾਰ ਦੇ ਪਰਿਵਾਰ ਨੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਸਨ। ਇਸੇ ਤਰ੍ਹਾਂ ਅਦਾਕਾਰਾ ਦੇ ਕਬਜ਼ੇ ਵਿੱਚ ਡਰੱਗ ਮਿਲਣ ਤੇ ਸਪਲਾਈ ਕਰਨ ਦੇ ਦੋਸ਼ ਮਗਰੋਂ ਉਹ ਕੁਝ ਸਮਾਂ ਜੇਲ੍ਹ ਵਿੱਚ ਵੀ ਰਹੀ। ਫ਼ਿਲਮ ‘ਚੇਹਰੇ’ ਦਾ ਨਿਰਦੇਸ਼ਨ ਰੂਮੀ ਜਾਫ਼ਰੀ ਨੇ ਕੀਤਾ ਹੈ।