ਵੈਨਕੂਵਰ, 31 ਜੁਲਾਈ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸੰਸਾਰ ’ਚ ਕਿਤੇ ਵੀ ਕਿਸੇ ਮੁਸੀਬਤ ’ਚ ਫਸੇ ਹਰ ਕੈਨੇਡੀਅਨ ਨਾਗਰਿਕ ਦੀ ਮਦਦ ਕਰਨ ’ਚ ਉਨ੍ਹਾਂ ਦੀ ਸਰਕਾਰ ਸੰਜੀਦਗੀ ਨਾਲ ਆਪਣੇ ਫਰਜ਼ ਨਿਭਾ ਰਹੀ ਹੈ। ਤੱਟੀ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਵਾਲੇ ਪ੍ਰੋਜੈਕਟ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਲੋੜੀਦੀਆਂ ਸੇਵਾਵਾਂ ਦੇਣਾ ਸਰਕਾਰ ਦੇ ਫਰਜ਼ਾਂ ’ਚ ਸ਼ਾਮਲ ਹੈ ਤੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਫਰਜ਼ਾਂ ਦੀ ਪੂਰਤੀ ਪ੍ਰਤੀ ਸੰਜੀਦਾ ਹੈ।
ਚੀਨ ’ਚ ਕਥਿਤ ਤੌਰ ’ਤੇ ਬਦਲੇ ਦੀ ਭਾਵਨਾ ਨਾਲ ਫਸਾਏ ਦੋ ਕੈਨੇਡੀਅਨ ਨਾਗਰਿਕਾਂ ਨੂੰ ਛੁਡਵਾਉਣ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਬਾਰੇ ਵੀ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਚੀਨ ’ਚ ਫਸੇ ਦੋਹਾਂ ਨਾਗਰਿਕਾਂ ਨੂੰ ਛੁਡਵਾਉਣ ਲਈ ਕਈ ਪਾਸਿਆਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ’ਚ ਨਾਗਰਿਕਾਂ ਦੇ ਹੱਕਾਂ ਨੂੰ ਮੂਹਰੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਸਾਰੇ ਦੇ ਸਾਰੇ ਚੋਣ ਵਾਅਦੇ ਪੁਗਾ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਦੇਸ਼ ਦੀ ਹਰ ਯੋਜਨਾ ਅਗਲੇ ਕਈ ਦਹਾਕਿਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਉਲੀਕੀ ਜਾਂਦੀ ਹੈ ਤੇ ਉਸ ਦੀ ਰੂਪਰੇਖਾ ’ਚ ਲੋਕ ਰਾਏ ਨੂੰ ਅਹਿਮ ਸਥਾਨ ਦਿਤਾ ਜਾਂਦਾ ਹੈ।