ਮੁੰਬਈ:‘ਬਾਗ ਬਹਾਦਰ’, ‘ਸਲੀਮ ਲੰਗੜੇ ਪੇ ਮਤ ਰੋ’, ‘ਬਲੈਕ ਫਰਾਈਡੇਅ’ ਤੇ ਹਾਲ ਹੀ ਵਿੱਚ ਰਿਲੀਜ਼ ਹੋਈਆਂ ਫਿਲਮਾਂ ‘ਗ੍ਰਹਿਣ’ ਅਤੇ ‘ਟੱਬਰ’ ਵਿੱਚ ਭੂਮਿਕਾ ਨਿਭਾਉਣ ਵਾਲੇ ਕੌਮੀ ਐਵਾਰਡ ਜੇਤੂ ਅਦਾਕਾਰ ਪਵਨ ਮਲਹੋਤਰਾ ਦਾ ਕਹਿਣਾ ਹੈ ਕਿ ਉਸ ਲਈ ਕਲਾਕਾਰ ਵਜੋਂ ਉਭਰਨ ਦਾ ਇੱਕੋ-ਇੱਕ ਰਾਹ ਲਗਾਤਾਰ ਅਭਿਆਸ ਹੈ ਅਤੇ ਅਸਫ਼ਲਤਾ ਉਸ ਦੇ ਸਫ਼ਰ ਦਾ ਹਿੱਸਾ ਹੈ। ਅਦਾਕਾਰ ਨੇ ਕਿਹਾ ਕਿ ਉਹ ਅਸਫ਼ਲਤਾ ਤੋਂ ਡਰਦਾ ਨਹੀਂ ਕਿਉਂਕਿ ਅਸਫ਼ਲ ਹੋਣਾ ਤੇ ਅਸਫ਼ਲਤਾ ਤੋਂ ਸਿੱਖਣਾ ਉਸ ਦਾ ਅਧਿਕਾਰ ਹੈ। ਪਵਨ ਨੇ ਕਿਹਾ, ‘‘ਮੈਂ ਹਮੇਸ਼ਾ ਕਲਾਕਾਰ ਵਜੋਂ ਤਜਰਬਾ ਕਰਨਾ ਚਾਹੁੰਦਾ ਹਾਂ ਪਰ ਹਰ ਤਜਰਬਾ ਇੱਕ ਜੋਖ਼ਮ ਹੈ। ਮੈਂ ਜਾਣਦਾ ਹਾਂ ਕਿ ਮੈਂ ਅਸਫ਼ਲ ਹੋ ਸਕਦਾਂ ਪਰ ਅਸਫ਼ਲਤਾ ਦਾ ਡਰ ਮੈਨੂੰ ਕਦੇ ਰੋਕ ਨਹੀਂ ਸਕਦਾ; ਅਸਫ਼ਲਤਾ ਹਰ ਕਲਾਕਾਰ ਦਾ ਅਧਿਕਾਰ ਹੈ।’’ ਦਿੱਲੀ ਵਿੱਚ ਜੰਮਿਆ ਪਵਨ ਹਮੇਸ਼ਾ ਅਦਾਕਾਰ ਬਣਨਾ ਚਾਹੁੰਦਾ ਸੀ ਅਤੇ ਇਸੇ ਲਈ ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਰੰਗਮੰਚ ਤੋਂ ਕੀਤੀ। ਉਸ ਨੇ 1984 ਵਿੱਚ ‘ਅਬ ਆਏਗਾ ਮਜ਼ਾ’ ਨਾਲ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ 1989 ਵਿੱਚ ‘ਬਾਗ ਬਹਾਦੁਰ’ ਅਤੇ ‘ਸਲੀਮ ਲੰਗੜੇ ਪੇ ਮਤ ਰੋ’ 2004 ਵਿੱਚ ‘ਬਲੈਕ ਫਰਾਈਡੇਅ’, 2013 ਵਿੱਚ ‘ਭਾਗ ਮਿਲਖਾ ਭਾਗ’ ਅਤੇ 2014 ਵਿੱਚ ‘ਚਿਲਡਰਨ ਆਫ ਵਾਰ’ ਵਿੱਚ ਅਹਿਮ ਭੂਮਿਕਾ ਨਿਭਾਈ।