ਨਵੀਂ ਦਿੱਲੀ/ਬਲੀਆ(ਯੂਪੀ): ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਨੂਹ ਹਿੰਸਾ ਦੇ ਹਵਾਲੇ ਨਾਲ ਹਰਿਆਣਾ ਦੀ ਖੱਟਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹਿੰਸਾ ਦੇ ਫੈਲਾਅ ਤੋਂ ਸਾਫ਼ ਹੈ ਕਿ ਮਨੀਪੁਰ ਵਾਂਗ ਹਰਿਆਣਾ ਵਿਚ ਵੀ ਅਮਨ ਤੇ ਕਾਨੂੰਨ ਮਸ਼ੀਨਰੀ ਦੀਆਂ ਧੱਜੀਆਂ ਉੱਡ ਰਹੀਆਂ ਹਨ। ਮਾਇਆਵਤੀ ਨੇ ਕਿਹਾ ਕਿ ਸੂਬਾ ਸਰਕਾਰ ਜੇਕਰ ਹਿੰਦੂ ਸੱਜੇਪੱਖੀ ਜਥੇਬੰਦੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਸੀ, ਤਾਂ ਫਿਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਵਿਚ ਅਮਨ ਤੇ ਸਦਭਾਵਨਾ ਦੀ ਬਹਾਲੀ ਲਈ ਇਮਾਨਦਾਰੀ ਨਾਲ ਯਤਨ ਕਰੇ…ਸਾਰੇ ਧਰਮਾਂ ਤੇ ਜਨਤਕ ਜਾਇਦਾਦ ਦੀ ਸੁਰੱਖਿਆ ਹਰੇਕ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ।’’ ਸਮਾਜਵਾਦੀ ਪਾਰਟੀ ਆਗੂ ਸ਼ਵਿਪਾਲ ਯਾਦਵ ਨੇ ਵੀ ਹਰਿਆਣਾ ਤੇ ਮਨੀਪੁਰ ਹਿੰਸਾ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਜਦੋਂ ਕਦੇ ਵੀ ਚੋਣਾਂ ਨੇੜੇ ਹੁੰਦੀਆਂ ਹਨ…ਪਾਰਟੀ ‘ਸਾਜ਼ਿਸ਼ ਤਹਿਤ ਦੰਗੇ ਕਰਵਾਉਂਦੀ ਹੈ।’’ ਯਾਦਵ ਨੇ ਕਿਹਾ, ‘‘ਭਾਜਪਾ ਮੈਂਬਰ ਸਿਰਫ਼ ਪਤਿਆਉਣ ਦੀ ਸਿਆਸਤ ਕਰਦੇ ਹਨ। ਜਦੋਂ ਕਦੇ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਸਾਜ਼ਿਸ਼ਾਂ ਘੜ ਕੇ ਦੰਗੇ ਕਰਵਾਉਂਦੇ ਹਨ।’’