ਨਵੀਂ ਦਿੱਲੀ: ਭਾਰਤੀ ਬਾਸਕਟਬਾਲ ਖਿਡਾਰਨ ਹਰਸਿਮਰਨ ਕੌਰ ਨੂੰ ‘ਦਿ ਐੱਨਬੀਏ ਗਲੋਬਲ ਅਕੈਡਮੀ’ ਨੇ ਕੈਨਬਰਾ ਸਥਿਤ ਆਸਟਰੇਲੀਆ ਦੇ ‘ਸੈਂਟਰ ਆਫ ਐਕਸੀਲੈਂਸ’ ਵਿੱਚ ਥੋੜ੍ਹੇ ਸਮੇਂ ਦੇ ਸਿਖਲਾਈ ਪ੍ਰੋਗਰਾਮ ਲਈ ਸੱਦਾ ਭੇਜਿਆ ਹੈ। ਇਹ ਸਿਖਲਾਈ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋਇਆ ਅਤੇ ਤਿੰਨ ਮਾਰਚ ਤੱਕ ਚੱਲੇਗਾ। ਹਰਸਿਮਰਨ ਦੂਜੀ ਵਾਰ ਐੱਨਬੀਏ ਗਲੋਬਲ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਸੱਤ ਤੋਂ 24 ਨਵੰਬਰ ਤੱਕ ਅਜਿਹੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। 16 ਸਾਲ ਦੀ ਹਰਸਿਮਰਨ ਨੇ ਕਿਹਾ, ‘‘ਮੈਂ ਐਨਬੀਏ ਗਲੋਬਲ ਅਕੈਡਮੀ ਵਿੱਚ ਫਿਰ ਤੋਂ ਜਾ ਕੇ ਉਤਸ਼ਾਹਿਤ ਹਾਂ। ਇਹ ਮੈਨੂੰ ਆਪਣੇ ਹੁਨਰ ਨੂੰ ਤਰਾਸ਼ਣ ਦਾ ਇੱਕ ਹੋਰ ਮੌਕਾ ਦੇਵੇਗਾ।’’













