ਕਿਹਾ ਕਿ ਉਹਨਾਂ ਦੀ ਬੇਨਤੀ ਉੱਤੇ ਸ੍ਰੀ ਫੜਨਵੀਸ ਨੇ ਐਲਾਨ ਕੀਤਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਐਕਟ ਨੂੰ ਸੋਧਿਆ ਨਹੀਂ ਜਾਵੇਗਾ
ਚੰਡੀਗੜ•/23 ਜਨਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਨੇ ਬਾਦਲ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਦੀ ਬੇਨਤੀ ਉੱਤੇ ਗੌਰ ਕਰਦਿਆਂ ਐਲਾਨ ਕੀਤਾ ਹੈ ਕਿ ਮਹਾਰਾਸ਼ਟਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਐਕਟ 1956 ਵਿਚ ਸੋਧ ਕਰਨ ਉੱਤੇ ਜ਼ੋਰ ਨਹੀਂ ਪਾਵੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਮੈਨੇਜਮੈਂਟ ਐਕਟ ਦੇ ਸੈਕਸ਼ਨ 11 ਵਿਚ ਸੋਧ ਕਰਨ ਅਤੇ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਤਾਕਤ ਸਰਕਾਰ ਨੂੰ ਦੇਣ ਲਈ ਕੱਢੇ ਗਏ ਨੋਟਿਸ ਆਫ ਮੋਸ਼ਨ ਦਾ ਮੁੱਦਾ ਉਠਾਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਦੱਸਿਆ ਸੀ ਕਿ ਸਿੱਖ ਭਾਈਚਾਰਾ ਸਰਕਾਰ ਦੇ ਇਸ ਪ੍ਰਸਤਾਵ ਦੇ ਹੱਕ ਵਿਚ ਨਹੀਂ ਹੈ ਅਤੇ ਚਾਹੁੰਦਾ ਹੈ ਕਿ ਸਰਕਾਰ ਸਿੱਖ ਭਾਈਚਾਰੇ ਨੂੰ ਹੀ ਬੋਰਡ ਦਾ ਪ੍ਰਬੰਧ ਚਲਾਉਣ ਦੀ ਆਗਿਆ ਦੇਵੇ।
ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਫੜਨਵੀਸ ਨੇ ਉਹਨਾਂ ਦੀ ਬੇਨਤੀ ਦਾ ਹਾਂ-ਪੱਖੀ ਹੁੰਗਾਰਾ ਭਰਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਲੰਬੀ ਚੌੜੀ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਸਰਕਾਰ ਵਿਧਾਨ ਸਭਾ ਦੇ ਆ ਰਹੇ ਸਰਦ ਰੁੱਤ ਸੈਸ਼ਨ ਵਿਚ ਤਖ਼ਤ ਸਾਹਿਬ ਮੈਨੇਜਮੈਂਟ ਐਕਟ ਵਿਚ ਸੋਧ ਕਰਨ ਉੱਤੇ ਜ਼ੋਰ ਨਹੀਂ ਦੇਵੇਗੀ। ਬੀਬੀ ਬਾਦਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਸੋਧ ਸੰਬੰਧੀ ਜਾਰੀ ਕੀਤੇ ਗਏ ਨੋਟਿਸ ਆਫ ਮੋਸ਼ਨ ਨੂੰ ਖਾਰਿਜ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ੍ਰੀ ਫੜਨਵੀਸ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਭਾਜਪਾ ਨੇ ਹਮੇਸ਼ਾਂ ਹੀ ਸਿੱਖ ਭਾਈਚਾਰੇ ਨਾਲ ਖੜ•ੀ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ।
ਇਸ ਮੁੱਦੇ ਬਾਰੇ ਸਪੱਸ਼ਟ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦਾ ਪ੍ਰਬੰਧ ਪੁਰਾਣੀ ਰਵਾਇਤ ਮੁਤਾਬਿਕ ਇੱਕ 17 ਮੈਂਬਰੀ ਬੋਰਡ ਦੁਆਰਾ ਚਲਾਉਣਾ ਜਾਰੀ ਰਹੇਗਾ ਅਤੇ ਇਸ ਦੇ ਚੇਅਰਮੈਨ ਦੀ ਨਿਯੁਕਤੀ ਸਿੱਖ ਭਾਈਚਾਰੇ ਵੱਲੋਂ ਹੀ ਕੀਤੀ ਜਾਵੇਗੀ।