ਚੰਡੀਗੜ੍ਹ, 31 ਮਈ
ਪੰਜਾਬ ਨਾਲ ਸਬੰਧਤ ਤਿੰਨ ਜਣਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਦੂਜੀ ਪਾਰੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿੱਚ ਬਠਿੰਡਾ ਤੋਂ ਤੀਜੀ ਵਾਰ ਲੋਕ ਸਭਾ ਮੈਂਬਰ ਬਣੀ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੇਵਾਮੁਕਤ ਆਈਏਐੱਸ ਅਧਿਕਾਰੀ ਸੋਮ ਪ੍ਰਕਾਸ਼ ਅਤੇ ਵਿਦੇਸ਼ ਸੇਵਾ ਵਿਚੋਂ ਸੇਵਾਮੁਕਤ ਸ੍ਰੀ ਹਰਦੀਪ ਪੁਰੀ ਸ਼ਾਮਲ ਹਨ। ਹਰਸਿਮਰਤ ਕੌਰ ਨੂੰ ਕੇਂਦਰੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ, ਜਦੋਂ ਕਿ ਹਰਦੀਪ ਪੁਰੀ ਤੇ ਸੋਮ ਪ੍ਰਕਾਸ਼ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਸ੍ਰੀ ਪੁਰੀ ਕੋਲ ਰਾਜ ਮੰਤਰੀ ਦਾ ਸੁਤੰਤਰ ਚਾਰਜ ਹੋਵੇਗਾ। ਸ੍ਰੀ ਪੁਰੀ ਇਸ ਸਮੇਂ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਇਸ ਵਾਰ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ ਪਰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਮਾਤ ਖਾ ਗਏ ਸਨ। ਸ੍ਰੀਮਤੀ ਬਾਦਲ ਦੂਜੀ ਵਾਰ ਮੋਦੀ ਵਜ਼ਾਰਤ ਵਿੱਚ ਮੰਤਰੀ ਬਣੇ ਹਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਵਿੱਚੋਂ ਮਹਿਜ਼ ਦੋ ਸੀਟਾਂ ਹੀ ਜਿੱਤ ਸਕਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਨੇ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਇਸੇ ਤਰ੍ਹਾਂ ਹਰਦੀਪ ਪੁਰੀ ਪਹਿਲੀ ਸਰਕਾਰ ਵਿੱਚ ਵੀ ਸ਼ਹਿਰੀ ਵਿਕਾਸ ਮੰਤਾਰਲਾ ਦੇਖਦੇ ਸਨ। ਭਾਜਪਾ ਨੇ ਸ੍ਰੀ ਪੁਰੀ ਨੂੰ ਮੁੜ ਤੋਂ ਵਜ਼ਾਰਤ ਵਿੱਚ ਸ਼ਾਮਲ ਕਰਕੇ ਆਪਣੀ ਪਾਰਟੀ ਵੱਲੋਂ ਸਿੱਖਾਂ ਨੂੰ ਨੁਮਇੰਦਗੀ ਦੇਣ ਦਾ ਯਤਨ ਕੀਤਾ ਹੈ। ਸੋਮ ਪ੍ਰਕਾਸ਼ ਜੋ ਪਹਿਲੀ ਵਾਰ ਲੋਕ ਸਭਾ ਵਿੱਚ ਪੁੱਜੇ ਹਨ, ਨੂੰ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਟਿਕਟ ਕੱਟ ਕੇ ਭਾਜਪਾ ਨੇ ਉਮੀਦਵਾਰ ਬਣਾਇਆ ਸੀ। ਉਹ ਪਹਿਲੀ ਵਾਰੀ ਮੰਤਰੀ ਬਣੇ ਹਨ।