ਮੁੰਬਈ, 12 ਦਸੰਬਰ
ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੇ ਸਮਰਥਨ ਮਗਰੋਂ ਰਮੇਸ਼ ਪੋਵਾਰ ਨੇ ਅੱਜ ਇੱਕ ਵਾਰ ਫਿਰ ਮਹਿਲਾ ਕ੍ਰਿਕਟ ਟੀਮ ਦੇ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ। ਮਹਿਲਾ ਕੋਚ ਵਜੋਂ ਪੋਵਾਰ ਦਾ ਵਿਵਾਦਮਈ ਕਾਰਜਕਾਲ 30 ਦਸੰਬਰ ਨੂੰ ਖ਼ਤਮ ਹੋ ਗਿਆ ਸੀ। ਚਾਲੀ ਸਾਲ ਦੇ ਇਸ ਸਾਬਕਾ ਭਾਰਤੀ ਸਪਿੰਨਰ ਨੇ ਇਸ ਦੀ ਪੁਸ਼ਟੀ ਕੀਤੀ।
ਪੋਵਾਰ ਨੇ ਕਿਹਾ, ‘‘ਹਾਂ ਮੈਂ ਅੱਜ ਸ਼ਾਮ ਅਰਜ਼ੀ ਦਿੱਤੀ ਕਿਉਂਕਿ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਮੇਰਾ ਸਮਰਥਨ ਕੀਤਾ ਹੈ ਅਤੇ ਮੈਂ ਅਰਜ਼ੀ ਨਾ ਦੇ ਕੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ।’’
ਪੋਵਾਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਿਛਲੇ ਮਹੀਨੇ ਵਿਸ਼ਵ ਟੀ-20 ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਹਾਰ ਝੱਲਣੀ ਪਈ ਸੀ। ਪੋਵਾਰ ਅਤੇ ਹਰਮਨਪ੍ਰੀਤ ਸਣੇ ਟੀਮ ਪ੍ਰਬੰਧਨ ਨੇ ਇਸ ਨਾਕਆਊਟ ਮੈਚ ਦੌਰਾਨ ਸੀਨੀਅਰ ਖਿਡਾਰਨ ਮਿਤਾਲੀ ਰਾਜ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਸੀ, ਜਿਸ ’ਤੇ ਕਾਫੀ ਵਿਵਾਦ ਹੋਇਆ ਸੀ। ਵੈਸਟ ਇੰਡੀਜ਼ ਤੋਂ ਸਵਦੇਸ਼ ਪਰਤਣ ਮਗਰੋਂ ਮਿਤਾਲੀ ਨੇ ਪੋਵਾਰ ’ਤੇ ਪੱਖਪਾਤ ਦਾ ਦੋਸ਼ ਲਾਇਆ ਸੀ।