BMW ਗਰੁੱਪ ਇੰਡੀਆ ਨੇ ਹਰਦੀਪ ਸਿੰਘ ਬਰਾੜ ਨੂੰ ਨਵਾਂ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਯੁਕਤ ਕੀਤਾ ਹੈ। ਉਹ 1 ਸਤੰਬਰ ਤੋਂ ਅਹੁਦਾ ਸੰਭਾਲਣਗੇ। ਬਰਾੜ ਇਸ ਅਹੁਦੇ ‘ਤੇ ਵਿਕਰਮ ਪਾਵਾਹ ਦੀ ਥਾਂ ਲੈਣਗੇ, ਜੋ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੀਈਓ ਵਜੋਂ ਅਹੁਦਾ ਸੰਭਾਲਣਗੇ। ਹਰਦੀਪ ਸਿੰਘ ਕੋਲ ਭਾਰਤੀ ਆਟੋਮੋਬਾਈਲ ਉਦਯੋਗ ਵਿੱਚ 3 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਨ੍ਹਾਂ ਨੇ ਕਈ ਸੀਨੀਅਰ ਪ੍ਰਬੰਧਨ ਅਹੁਦਿਆਂ ‘ਤੇ ਕੰਮ ਕੀਤਾ ਹੈ।

ਦੱਸ ਦੇਈਏ ਕਿ ਬਰਾੜ ਨੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ। ਉਹ ਹਾਰਵਰਡ ਬਿਜ਼ਨੈੱਸ ਸਕੂਲ ਦੇ ਸੀਨੀਅਰ ਕਾਰਜਕਾਰੀ ਲੀਡਰਸ਼ਿਪ ਪ੍ਰੋਗਰਾਮ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਮਾਰਚ 2021 ਵਿੱਚ ਕੀਆ ਮੋਟਰਜ਼ ਵਿਖੇ ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਉਪ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।
ਉਨ੍ਹਾਂ ਦੀ ਅਗਵਾਈ ਵਿੱਚ, ਕੰਪਨੀ ਨੇ ਕੁੱਲ 10 ਲੱਖ ਦੀ ਵਿਕਰੀ ਦਾ ਮੀਲ ਪੱਥਰ ਹਾਸਲ ਕੀਤਾ, ਜਿਸ ਨਾਲ ਕੰਪਨੀ ਚੋਟੀ ਦੇ 5 ਕਾਰ ਨਿਰਮਾਤਾਵਾਂ ਵਿੱਚੋਂ ਇੱਕ ਬਣ ਗਈ। ਦੱਖਣੀ ਕੋਰੀਆਈ ਕਾਰ ਨਿਰਮਾਤਾ ਕੰਪਨੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਬਰਾੜ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ 30 ਜੂਨ ਨੂੰ ਕੀਆ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ।
ਅਤੀਤ ਵਿੱਚ, ਬਰਾੜ ਨੇ ਵੱਖ-ਵੱਖ ਭੂਮਿਕਾਵਾਂ ਵਿੱਚ ਕੰਮ ਕਰਦੇ ਹੋਏ ਕਈ ਆਟੋਮੋਬਾਈਲ ਕੰਪਨੀਆਂ ਵਿੱਚ ਸ਼ਾਨਦਾਰ ਨਤੀਜੇ ਦਿੱਤੇ ਹਨ। ਕੀਆ ਤੋਂ ਪਹਿਲਾਂ, ਉਸਨੇ ਮਾਰੂਤੀ ਸੁਜ਼ੂਕੀ, ਵੋਲਕਸਵੈਗਨ, ਜਨਰਲ ਮੋਟਰਜ਼, ਨਿਸਾਨ ਮੋਟਰ ਅਤੇ ਗ੍ਰੇਟ ਵਾਲ ਮੋਟਰ ਸਮੇਤ ਕਈ ਕੰਪਨੀਆਂ ਵਿੱਚ ਵਿਕਰੀ, ਮਾਰਕੀਟਿੰਗ, ਗਾਹਕ ਤਜ਼ਰਬਾ, ਨੈੱਟਵਰਕ ਵਿਕਾਸ ਦੇ ਖੇਤਰਾਂ ਵਿੱਚ ਕੰਮ ਕੀਤਾ ਸੀ।