ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੇ 15 ਮਹੀਨਿਆਂ ਬਾਅਦ, ਐਤਵਾਰ, 19 ਜਨਵਰੀ ਨੂੰ ਜੰਗਬੰਦੀ ਲਾਗੂ ਹੋਈ। ਮਿਲੀ ਜਾਣਕਾਰੀ ਅਨੁਸਾਰ, ਹਮਾਸ ਨੇ 471 ਦਿਨਾਂ ਬਾਅਦ ਤਿੰਨ ਇਜ਼ਰਾਈਲੀ ਮਹਿਲਾ ਬੰਧਕਾਂ ਨੂੰ ਰਿਹਾਅ ਕਰ ਦਿੱਤਾ। ਇਹ ਤਿੰਨੋਂ ਰੈੱਡ ਕਰਾਸ ਸੰਗਠਨ ਦੀ ਮਦਦ ਨਾਲ ਇਜ਼ਰਾਈਲ ਪਹੁੰਚੀਆਂ ਹਨ।
ਦੂਜੇ ਪਾਸੇ, ਇਜ਼ਰਾਈਲ ਵੀ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਈਲ ਨੇ ਆਪਣੀ ਸੂਚੀ ਐਸੋਸੀਏਟਿਡ ਪ੍ਰੈੱਸ ਨੂੰ ਸੌਂਪ ਦਿੱਤੀ ਹੈ। ਹਰ 1 ਇਜ਼ਰਾਈਲੀ ਬੰਧਕ ਲਈ, 30 ਫ਼ਲਸਤੀਨੀ ਕੈਦੀ ਰਿਹਾਅ ਕੀਤੇ ਜਾਣਗੇ।
ਹਮਾਸ ਦੁਆਰਾ ਰਿਹਾਅ ਕੀਤੇ ਗਏ ਬੰਧਕਾਂ ਵਿੱਚ ਰੋਮੀ ਗੋਨੇਨ, ਐਮਿਲੀ ਦਮਰੀ ਅਤੇ ਡੋਰੋਨ ਸਟਾਈਨਬ੍ਰੇਚਰ ਸ਼ਾਮਲ ਸਨ। ਇਸ ਤੋਂ ਪਹਿਲਾਂ, ਇਜ਼ਰਾਈਲੀ ਕੈਬਨਿਟ ਨੇ ਸ਼ਨੀਵਾਰ ਨੂੰ ਹਮਾਸ ਨਾਲ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਾ ਕਹਿਣਾ ਹੈ ਕਿ ਜੰਗਬੰਦੀ ਈਰਾਨ ਅਤੇ ਹਮਾਸ ‘ਤੇ ਅਮਰੀਕਾ ਅਤੇ ਇਜ਼ਰਾਈਲੀ ਦਬਾਅ ਕਾਰਨ ਸੰਭਵ ਹੋਈ। ਹੁਣ 4 ਇਜ਼ਰਾਈਲੀ ਮਹਿਲਾ ਬੰਧਕਾਂ ਨੂੰ ਅਗਲੇ ਸ਼ਨੀਵਾਰ ਨੂੰ ਰਿਹਾਅ ਕੀਤਾ ਜਾਵੇਗਾ।