ਵਿੰਡਸਰ (ਓਂਟਾਰੀਓ),ਕੋਵਿਡ- 19 ਸਬੰਧੀ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਿਆਂ ਕਾਰਨ ਲਗਪਗ ਇੱਕ ਹਫ਼ਤਾ ਬੰਦ ਰਹਿਣ ਮਗਰੋਂ ਸਭ ਤੋਂ ਵੱਧ ਰੁਝੇਵੇਂ ਭਰਿਆ ਰਹਿਣ ਵਾਲਾ ਅਮਰੀਕਾ-ਕੈਨੇਡਾ ਪੁਲ ਐਤਵਾਰ ਦੇਰ ਰਾਤ ਮੁੜ ਖੁੱਲ੍ਹ ਗਿਆ। ਡੈਟ੍ਰਾਇਟ ਇੰਟਰਨੈਸ਼ਨਲ ਬ੍ਰਿਜ (ਕੰਪਨੀ) ਨੇ ਦੱਸਿਆ ਕਿ ਅੰਬੈਸਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਜਿਸ ਨਾਲ ਕੈਨੇਡਾ ਤੇ ਅਮਰੀਕੀ ਅਰਥ-ਵਿਵਸਥਾਵਾਂ ਵਿੱਚ ਇੱਕ ਵਾਰ ਮੁੜ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਬੁਲਾਰੇ ਐਸਥਰ ਜੈਂਟਜ਼ਨ ਨੇ ਏਪੀ ਨੂੰ ਬਾਅਦ ’ਚ ਦਿੱਤੇ ਬਿਆਨ ’ਚ ਦੱਸਿਆ ਕਿ ਇਸ ਪੁਲ ਨੂੰ ਰਾਤ ਲਗਪਗ 11 ਵਜੇ ਟਰੈਫਿਕ ਲਈ ਮੁੜ ਖੋਲ੍ਹ ਦਿੱਤਾ ਗਿਆ। ਇਸ ਪੁਲ ਰਾਹੀਂ ਆਮ ਤੌਰ ’ਤੇ ਦੋਵਾਂ ਮੁਲਕਾਂ ਵਿਚਾਲੇ ਲਗਪਗ 25 ਫ਼ੀਸਦੀ ਤੱਕ ਕਾਰੋਬਾਰ ਹੁੰਦਾ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ ਵਿੰਡਸਰ ਵਿੱਚ ਪੁਲੀਸ ਨੇ ਦੱਸਿਆ ਕਿ ਲਗਪਗ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਸੱਤ ਵਾਹਨ ਚੁੱਕ ਕੇ ਲਿਜਾਏ ਗਏ ਹਨ ਜਦਕਿ ਪੰਜ ਵਾਹਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਪੁਲ ਦੇ ਨੇੜਿਓਂ ਅਖੀਰ ’ਚ ਰਹਿ ਗਏ ਕੁਝ ਮੁਜ਼ਾਹਰਾਕਾਰੀਆਂ ਨੂੰ ਵੀ ਹਟਾ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਵੀ ਇਨ੍ਹਾਂ ਮੁਜ਼ਾਹਰਿਆਂ ਦਾ ਸ਼ਾਂਤਮਈ ਢੰਗ ਨਾਲ ਹੱਲ ਕੱਢਣ ਦੀ ਸ਼ਲਾਘਾ ਕੀਤੀ ਹੈ।