ਮੋਹਾਲੀ: ਮੋਹਾਲੀ ਦੀ ਰਾਸ਼ਟਰੀ ਲੋਕ ਅਦਾਲਤ ਨੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ (ਹਰਦੇਸ਼ ਸਿੰਘ ਔਲਖ) ਵਿਰੁੱਧ ਦਰਜ ਕੇਸ ਵਿੱਚ ਪੁਲਿਸ ਦੀ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ ਹੈ। ਇਹ ਮਾਮਲਾ 2018 ਵਿੱਚ ਰਿਲੀਜ਼ ਹੋਏ ਗੀਤ ‘ਮਖਣਾ’ ਵਿੱਚ ਔਰਤਾਂ ਵਿਰੁੱਧ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾਲ ਸਬੰਧਤ ਸੀ।
ਜਾਣਕਾਰੀ ਅਨੁਸਾਰ, ਮੋਹਾਲੀ ਦੇ ਮਟੌਰ ਥਾਣੇ ਵਿੱਚ ਹਨੀ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 294, 509, ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਅਤੇ ਅਸ਼ਲੀਲ ਪ੍ਰਸਤੁਤੀ ਦੀ ਧਾਰਾ 6 ਅਧੀਨ FIR ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਏ.ਐਸ.ਆਈ. ਲਖਵਿੰਦਰ ਕੌਰ ਅਤੇ ਉਸ ਸਮੇਂ ਦੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਬਿਆਨਾਂ ‘ਤੇ ਦਰਜ ਕੀਤੀ ਗਈ ਸੀ।
6 ਸਾਲ ਪੁਰਾਣਾ ਕੇਸ ਰੱਦ
ਸੁਣਵਾਈ ਦੌਰਾਨ ਦੋਵੇਂ ਸ਼ਿਕਾਇਤਕਰਤਾਵਾਂ ਨੇ ਅਦਾਲਤ ਵਿੱਚ ਬਿਆਨ ਦਰਜ ਕਰਵਾਉਂਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਸ ਰੱਦ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ। ਪੁਲਿਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਸਬੰਧਤ ਗੀਤ ਨੂੰ ਸੈਂਸਰ ਬੋਰਡ (CBFC) ਨੇ 27 ਦਸੰਬਰ 2018 ਨੂੰ ਹੀ ਮਨਜ਼ੂਰੀ ਦੇ ਦਿੱਤੀ ਸੀ। ਨਾਲ ਹੀ, ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਸ ਕੇਸ ਵਿੱਚ ਕਿਸੇ ਖਾਸ ਔਰਤ ਨੂੰ ਸਿੱਧੇ ਤੌਰ ‘ਤੇ ਪਾਰਟੀ ਨਹੀਂ ਬਣਾਇਆ ਗਿਆ ਸੀ।
ਪ੍ਰੀਸਾਈਡਿੰਗ ਅਫਸਰ ਅਨੀਸ਼ ਗੋਇਲ ਨੇ ਫਾਈਲ ਦੀ ਸਮੀਖਿਆ ਕਰਨ ਅਤੇ ਸ਼ਿਕਾਇਤਕਰਤਾਵਾਂ ਦੀ ਸਹਿਮਤੀ ‘ਤੇ ਵਿਚਾਰ ਕਰਨ ਤੋਂ ਬਾਅਦ ਪੁਲਿਸ ਦੀ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਸ ਨਾਲ ਯੋ ਯੋ ਹਨੀ ਸਿੰਘ ਵਿਰੁੱਧ 6 ਸਾਲ ਪੁਰਾਣੀ ਕਾਨੂੰਨੀ ਲੜਾਈ ‘ਤੇ ਵਿਰਾਮ ਲੱਗ ਗਿਆ।
ਕੀ ਹੈ ਪੂਰਾ ਮਾਮਲਾ?
ਯਾਦ ਰਹੇ ਕਿ 2018 ਵਿੱਚ ਰਿਲੀਜ਼ ਹੋਏ ਐਲਬਮ ‘ਮਖਣਾ’ ਦੇ ਇੱਕ ਗੀਤ ਵਿੱਚ ਔਰਤਾਂ ਵਿਰੁੱਧ ਭੱਦੇ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਰੈਪਰ ਹਨੀ ਸਿੰਘ ਵਿਰੁੱਧ ਮੋਹਾਲੀ ਦੇ ਮਟੌਰ ਥਾਣੇ ਵਿੱਚ FIR ਦਰਜ ਕੀਤੀ ਗਈ ਸੀ। ਇਹ ਕਾਰਵਾਈ ਪੰਜਾਬ ਮਹਿਲਾ ਕਮਿਸ਼ਨ ਦੀ ਸਿਫਾਰਸ਼ ‘ਤੇ ਕੀਤੀ ਗਈ ਸੀ ਅਤੇ ਉਸ ਸਮੇਂ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਗੀਤ ਨੂੰ ਸੂਬੇ ਵਿੱਚ ਬੈਨ ਕਰਨ ਦੀ ਮੰਗ ਵੀ ਚੁੱਕੀ ਸੀ।
ਹਾਲਾਂਕਿ, ਲੰਬੀ ਸੁਣਵਾਈ ਅਤੇ ਦੋਵੇਂ ਸ਼ਿਕਾਇਤਕਰਤਾਵਾਂ ਦੀ ਸਹਿਮਤੀ ਤੋਂ ਬਾਅਦ ਹੁਣ ਅਦਾਲਤ ਨੇ ਪੁਲਿਸ ਦੀ ਕਲੋਜ਼ਰ ਰਿਪੋਰਟ ਸਵੀਕਾਰ ਕਰ ਲਈ ਹੈ ਅਤੇ ਹਨੀ ਸਿੰਘ ਵਿਰੁੱਧ ਦਰਜ FIR ਨੂੰ ਰੱਦ ਕਰ ਦਿੱਤਾ ਗਿਆ ਹੈ।
            
 
    













