ਪੰਚਕੂਲਾ/ਚੰਡੀਗੜ੍ਹ— ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਹਰੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅੱਜ ਕੋਰਟ ‘ਚ ਪੇਸ਼ ਹੋਣ ਲਈ ਪੰਚਕੂਲਾ ਕੋਰਟ ‘ਚ ਪਹੁੰਚੀ। ਹਨੀਪ੍ਰੀਤ ਨੂੰ ਕੋਰਟ ਰੂਮ ‘ਚ ਲਿਜਾਇਆ ਗਿਆ। ਸੁਣਵਾਈ ਦੌਰਾਨ ਕੋਰਟ ਰੂਮ ਨੂੰ ਅੰਦਰੋ ਬੰਦ ਕਰ ਦਿੱਤਾ ਗਿਆ ਸੀ ਅਤੇ ਕੋਰਟ ਰੂਮ ‘ਚ ਮੌਜੂਦ ਸਾਰੇ ਲੋਕਾਂ ਦੇ ਮੋਬਾਇਲ ਫੋਨ ਬੰਦ ਕਰਵਾਏ ਗਏ ਸਨ। ਕੋਰਟ ‘ਚ ਪੁਲਸ ਵੱਲੋਂ 10 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ। ਕੋਰਟ ‘ਚ ਹਨੀਪ੍ਰੀਤ ਦੇ ਵਕੀਲ ਐੱਸ. ਕੇ. ਗਰਗ ਨੇ ਕਿਹਾ ਸੀ ਕਿ ਹਨੀਪ੍ਰੀਤ ਨੂੰ ਰਿਮਾਂਡ ਦਾ ਕੋਈ ਵੀ ਤੁੱਕ ਨਹੀਂ ਹੈ। ਸੁਣਵਾਈ ਦੌਰਾਨ ਚੱਲੀ ਬਹਿਸਬਾਜ਼ੀ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਹਨੀਪ੍ਰੀਤ ਨੂੰ 6 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਪੁਲਸ 6 ਦਿਨਾਂ ਤੱਕ ਹਨੀਪ੍ਰੀਤ ਤੋਂ ਪੁੱਛਗਿੱਛ ਕਰੇਗੀ, ਜਿਸ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ। ਹਨੀਪ੍ਰੀਤ 25 ਅਗਸਤ ਤੋਂ ਫਰਾਰ ਚੱਲ ਰਹੀ ਸੀ। ਪੂਰੇ 38 ਦਿਨਾਂ ਦੇ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਸ ਵੱਲੋਂ ਜ਼ੀਰਕਪੁਰ ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਨੀਪ੍ਰੀਤ ‘ਤੇ 28 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਦੇ ਦੋਸ਼ ਲਗਾਏ ਗਏ ਹਨ। ਇਸ ਹਿੰਸਾ ‘ਚ ਕਰੀਬ 35 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਸਨ। ਇਸ ਦੇ ਨਾਲ ਹੀ ਉਸ ‘ਤੇ ਦੇਸ਼ਧ੍ਰੋਹ ਦਾ ਦੋਸ਼ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਅਤੇ ਜੇਲ ਜਾਣ ਤੋਂ ਪਹਿਲਾਂ ਹਨੀਪ੍ਰੀਤ ਵੱਲੋਂ ਉਸ ਨੂੰ ਭਜਾਉਣ ਦੀ ਸਾਜ਼ਿਸ਼ ਘੜਣ ਦੇ ਵੀ ਦੋਸ਼ ਲੱਗੇ ਹਨ।