ਓਟਵਾ, 19 ਅਪਰੈਲ : ਇੱਕ ਨਵੀਂ ਰਿਪੋਰਟ ਅਨੁਸਾਰ ਸੈਂਕੜੇ ਕੈਨੇਡੀਅਨਜ਼ ਰਹਿਣੀ ਸਹਿਣੀ ਦੀਆਂ ਮਹਿੰਗੀਆਂ ਕੀਮਤਾਂ ਕਰਕੇ ਸਰਕਾਰੀ ਮਦਦ ਤੋਂ ਵਾਂਝੇ ਰਹਿ ਸਕਦੇ ਹਨ ਕਿਉਂਕਿ ਪਿਛਲੇ ਸਾਲ ਪੇਸ਼ ਕੀਤੇ ਗਏ ਹਾਊਸਿੰਗ ਤੇ ਡੈਂਟਲ ਬੈਨੇਫਿਟਸ ਵੀ ਕੁੱਝ ਲੋਕਾਂ ਨੂੰ ਮਿਲ ਗਏ ਤ਼ੇ ਕੁੱਝ ਨੂੰ ਨਹੀਂ ਮਿਲੇ।
ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਦੇ ਸੀਨੀਅਰ ਇਕਨੌਮਿਸਟ ਡੇਵਿਡ ਮੈਕਡੌਨਲਡ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਸਰਕਾਰ ਵੱਲੋਂ ਇਨ੍ਹਾਂ ਸਬੰਧੀ ਮਾਪਦੰਡਾਂ ਉੱਤੇ ਅਸਲ ਵਿੱਚ ਕਿੰਨੀ ਰਕਮ ਖਰਚ ਕੀਤੀ ਗਈ ਹੈੇ।ਉਨ੍ਹਾਂ ਪਿਛਲੇ ਸਾਲ ਦੇ ਅੰਤ ਵਿੱਚ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਅੰਦਾਜ਼ਨ ਰਕਮ ਦਾ ਜਿਹੜਾ ਜਿ਼ਕਰ ਕੀਤਾ ਗਿਆ ਸੀ ਤੇ ਮਾਰਚ ਦੇ ਅੰਤ ਵਿੱਚ ਵੈੱਬਸਾਈਟ ਉੱਤੇ ਜਿਹੜੇ ਅੰਕੜੇ ਮੁਹੱਈਆ ਕਰਵਾਏ ਗਏ ਸਨ, ਉਨ੍ਹਾਂ ਦਾ ਤੁਲਨਾਤਮਕ ਅਧਿਐਨ ਕੀਤਾ।
ਮੈਕਡੌਨਲਡ ਨੇ ਪਾਇਆ ਕਿ ਯੋਗ ਦਾਅਵੇਦਾਰਾਂ ਵਿੱਚੋਂ ਸਿਰਫ 44 ਫੀ ਸਦੀ ਨੂੰ ਹੀ ਕੈਨੇਡਾ ਹਾਊਸਿੰਗ ਬੈਨੇਫਿਟ ਹਾਸਲ ਹੋਏ ਜਦਕਿ ਅੱਧੇ ਤੋਂ ਕੁੱਝ ਜਿ਼ਆਦਾ ਨੂੰ ਕੈਨੇਡਾ ਡੈਂਟਲ ਬੈਨੇਫਿਟ ਹਾਸਲ ਹੋਏ। ਇੱਕ ਇੰਟਰਵਿਊ ਵਿੱਚ ਮੈਕਡੌਨਲਡ ਨੇ ਆਖਿਆ ਕਿ ਇਹ ਦਰਾਂ ਬਹੁਤ ਘੱਟ ਹਨ। ਹਾਊਸਿੰਗ ਬੈਨੇਫਿਟਸ ਵਿੱਚ ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ 500 ਡਾਲਰ ਹਾਊਸਿੰਗ ਬੈਨੇਫਿਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਸਬੰਧੀ ਅਰਜ਼ੀਆਂ 31 ਮਾਰਚ ਤੱਕ ਬੰਦ ਹੋ ਗਈਆਂ। ਫੈਡਰਲ ਡੈਂਟਲ ਬੈਨੇਫਿਟ ਤਹਿਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 650 ਡਾਲਰ ਪ੍ਰਤੀ ਬੱਚਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਇਸ ਦਾ ਲਾਹਾ ਵੀ ਅੱਧੇ ਲੋਕਾਂ ਨੂੰ ਹੀ ਮਿਲਿਆ। ਲਿਬਰਲਾਂ ਦੇ ਐਨਡੀਪੀ ਨਾਲ ਹੋਏ ਅਹਿਮ ਸਮਝੌਤੇ ਤਹਿਤ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਸ਼ੁਰੂ ਕਰਨ ਲਈ ਚੁੱਕਿਆ ਜਾਣ ਵਾਲਾ ਇਹ ਪਹਿਲਾ ਕਦਮ ਸੀ।
ਲੋਕਾਂ ਤੱਕ ਜਲਦ ਤੋਂ ਜਲਦ ਪੈਸੇ ਪਹੁੰਚਾਉਣ ਲਈ ਫੈਡਰਲ ਸਰਕਾਰ ਵੱਲੋਂ ਸੀਆਰਏ ਦੀ ਸਿੱਧੀ ਮਦਦ ਲਈ ਜਾਂਦੀ ਹੈ ਪਰ ਮੈਕਡੌਨਲਡ ਨੇ ਆਖਿਆ ਕਿ ਉਨ੍ਹਾਂ ਦੇ ਵਿਸ਼ਲੇਸ਼ਣ ਅਨੁਸਾਰ ਇੱਥੇ ਤਬਦੀਲੀਆਂ ਕੀਤੇ ਜਾਂਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਨੂੰ ਅਪਲਾਈ ਕਰਨ ਦਾ ਢੰਗ ਸੁਖਾਲਾ ਬਣਾਉਣਾ ਚਾਹੀਦਾ ਹੈ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਬਾਰੇ ਕੈਨੇਡੀਅਨਜ਼ ਨੂੰ ਬਿਹਤਰ ਢੰਗ ਨਾਲ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਲੋਕਾਂ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦਾ ਘੱਟ ਫਾਇਦਾ ਉਠਾਏ ਜਾਣ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਇਨ੍ਹਾਂ ਪ੍ਰੋਗਰਾਮਾਂ ਉੱਤੇ ਉਸ ਰਕਮ ਨਾਲੋਂ ਘੱਟ ਖਰਚ ਕੀਤੀ ਗਈ ਹੈ ਜਿਹੜੀ ਅਜਿਹੇ ਮਾਪਦੰਡਾਂ ਲਈ ਅਸਲ ਵਿੱਚ ਰਾਖਵੀਂ ਰੱਖੀ ਗਈ ਸੀ।