ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਤੇ ਲਾਭ ਵਾਲਾ ਅਹੁਦਾ ਸਵੀਕਾਰ ਕਰਨ ਲਈ ਸੱਤ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾਉੁਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਿਧਾਇਕ ਦਲ ਨੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਚਾਰ ਵਿਧਾਇਕਾਂ ਨੂੰ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਨ ਲਈ ਅਯੋਗ ਠਹਿਰਾਉਣ ਦੀ ਵੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਵੱਲੋਂ ਅਰੁਣ ਨਾਰੰਗ ਨੇ ਸਪੀਕਰ ਨੂੰ ਜਾਣੂ ਕਰਵਾਇਆ ਕਿ ਪੰਜਾਬ ਵਿਚ ਗੰਭੀਰ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤ ਕਾਂਗਰਸੀ ਆਗੂਆਂ ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਇੰਦਰਬੀਰ ਸਿੰਘ ਬੁਲਾਰੀਆ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਤਰਸੇਮ ਸਿੰਘ ਡੀਸੀ ਨੇ ਸਰਕਾਰ ਅੰਦਰ ਕੈਬਨਿਟ ਮੰਤਰੀ ਅਤੇ ਰਾਜ ਮੰਤਰੀ ਦੇ ਦਰਜੇ ਵਾਲੇ ਸਲਾਹਕਾਰਾਂ ਦੇ ਅਹੁਦੇ ਸਵੀਕਾਰ ਕਰ ਕੇ ਖ਼ੁਦ ਨੂੰ ਅਯੋਗ ਬਣਾ ਲਿਆ ਹੈ। ਇਹ ਨਿਯੁਕਤੀਆਂ ਸੰਵਿਧਾਨ ਦੀ 91ਵੀਂ ਸੋਧ ਦੀ ਉਲੰਘਣਾ ਕਰਦੀਆਂ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਮੰਤਰੀਆਂ ਦੀ ਗਿਣਤੀ ਸਦਨ ਦੀ ਕੁੱਲ ਗਿਣਤੀ ਦਾ 15 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਅਕਾਲੀ-ਭਾਜਪਾ ਵਫ਼ਦ ਨੇ ਇਹ ਗੱਲ ਵੀ ਸਪੀਕਰ ਦੇ ਧਿਆਨ ਵਿਚ ਲਿਆਂਦੀ ਕਿ ਕਾਂਗਰਸ ਸਰਕਾਰ ਨੇ ਨਵੇਂ ਸਲਾਹਕਾਰਾਂ ਨੂੰ ਕੈਬਨਿਟ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖ਼ਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ। ਇਹ ਸਭ ਆਮ ਲੋਕਾਂ ਦੀਆਂ ਲੋੜਾਂ ਦੀ ਬਲੀ ਦੇ ਕੇ ਕੀਤਾ ਗਿਆ ਹੈ।
ਅਕਾਲੀ-ਭਾਜਪਾ ਵਿਧਾਇਕਾਂ ਨੇ ਦੱਸਿਆ ਕਿ ਜਿੱਥੇ ਤਕ ਆਮ ਆਦਮੀ ਪਾਰਟੀ (ਆਪ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਚਾਰ ‘ਆਪ’ ਵਿਧਾਇਕਾਂ ਦਾ ਸਬੰਧ ਹੈ, ਇਨ੍ਹਾਂ ਵਿਧਾਇਕਾਂ ਨੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕੀਤੀ ਹੈ।
ਸੰਵਿਧਾਨ ਦੀ ਦਸਵੀਂ ਸੂਚੀ ਅਨੁਸਾਰ ਜੇ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਸਦਨ ਦਾ ਕੋਈ ਮੈਂਬਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਜਾਣਬੁੱਝ ਕੇ ਛੱਡਦਾ ਹੈ ਤਾਂ ਉਸ ਨੂੰ ਸਦਨ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ। ਵਫ਼ਦ ਨੇ ਦੱਸਿਆ ਕਿ ‘ਆਪ’ ਦੇ ਚਾਰ ਵਿਧਾਇਕ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ ਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਨਾਂ ਦੀ ਨਵੀਂ ਸਿਆਸੀ ਪਾਰਟੀ ਬਣਾ ਲਈ ਸੀ ਜਦਕਿ ਮਾਨਸ਼ਾਹੀਆ ਅਤੇ ਸੰਦੋਆ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ। ਵਫ਼ਦ ਨੇ ਦੱਸਿਆ ਕਿ ਕਰਨਾਟਕ ਅਤੇ ਹਰਿਆਣਾ ਦੇ ਸਪੀਕਰਾਂ ਨੇ ਪਾਰਟੀਆਂ ਬਦਲਣ ਵਾਲੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਸੀ। ਵਫ਼ਦ ਨੇ ਸਪੀਕਰ ਨੂੰ ‘ਆਪ’ ਦੇ ਵਿਧਾਇਕ ਪਿਰਮਲ ਸਿੰਘ, ਜਗਦੇਵ ਕਮਾਲੂ ਅਤੇ ਜਗਤਾਰ ਜੱਗਾ ਨੂੰ ਵੀ ਅਯੋਗ ਠਹਿਰਾਉਣ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ ਕਿਉਂਕਿ ਉਹ ਆਪਣੀ ਸਿਆਸੀ ਪਾਰਟੀ ਤੋਂ ਬਗ਼ਾਵਤ ਕਰ ਚੁੱਕੇ ਹਨ। ਵਫ਼ਦ ਵਿਚ ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ, ਲਖਬੀਰ ਸਿੰਘ ਲੋਧੀਨੰਗਲ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਡਾਕਟਰ ਸੁਖਵਿੰਦਰ ਸੁੱਖੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਦਿਲਰਾਜ ਸਿੰਘ ਭੂੰਦੜ ਅਤੇ ਬਲਦੇਵ ਖਾਰਾ ਸ਼ਾਮਲ ਸਨ।