ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਸੱਤਾ ਦੀ ਲਾਲਸਾ ’ਚ ਮਹਿਲਾਵਾਂ ਦੀ ਇੱਜ਼ਤ ਦੇ ਨਾਲ ਨਾਲ ਦੇਸ਼ ਦੇ ਆਤਮ ਸਨਮਾਨ ਨਾਲ ਵੀ ਖੇਡ ਰਹੀ ਹੈ। ਰਾਹੁਲ ਨੇ ਅੱਜ ਫੇਸਬੁੱਕ ’ਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਸਬੰਧੀ ਮੀਡੀਆ ਰਿਪੋਰਟਾਂ ਦੀ ਵੀਡੀਓ ਸਾਂਝੀ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਇਸ ਵੀਡੀਓ ’ਚ ਮਨੀਪੁਰ ਵਿੱਚ ਦੋ ਮਹਿਲਾਵਾਂ ਦੀ ਨਗਨ ਪਰੇਡ, ਡਬਲਊਐਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ, ਉੱਤਰਾਖੰਡ ’ਚ ਇੱਕ ਮਹਿਲਾ ਦੀ ਕਥਿਤ ਤੌਰ ’ਤੇ ਹੱਤਿਆ, ਜਿਸ ਵਿੱਚ ਇੱਕ ਭਾਜਪਾ ਆਗੂ ਦੇ ਪੁੱਤਰ ਖ਼ਿਲਾਫ਼ ਦੋਸ਼ ਲੱਗੇ ਹਨ ਅਤੇ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਕੇਸ ’ਚ ਦੋਸ਼ੀਆਂ ਦੀ ਰਿਹਾਈ ਨਾਲ ਸਬੰਧਤ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਹੈ। ਰਾਹੁਲ ਨੇ ਕਿਹਾ, ‘ਜਿਹੜਾ ਮੁਲਕ ਆਪਣੀਆਂ ਮਹਿਲਾਵਾਂ ਦਾ ਸਨਮਾਨ ਨਹੀਂ ਕਰਦਾ ਉਹ ਕਦੀ ਅੱਗੇ ਨਹੀਂ ਵਧ ਸਕਦਾ। ਸੱਤਾ ਦੇ ਲਾਲਚ ਵਿੱਚ ਭਾਜਪਾ ਮਹਿਲਾਵਾਂ ਦੇ ਸਨਮਾਨ ਦੇ ਨਾਲ ਨਾਲ ਦੇਸ਼ ਦੇ ਆਤਮ ਸਨਮਾਨ ਨਾਲ ਵੀ ਖੇਡ ਰਹੀ ਹੈ।’ ਹਿੰਸਾ ਪ੍ਰਭਾਵਿਤ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੇ ਮਾਮਲੇ ’ਚ ਵਿਰੋਧੀ ਧਿਰ ਵੱਲੋਂ ਲਗਾਤਾਰ ਕੇਂਦਰ ਸਰਕਾਰ ’ਤੇ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਰਾਹੁਲ ਗਾਂਧੀ ਨੇ ਇਹ ਟਿੱਪਣੀ ਕੀਤੀ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਰਿਹਾ ਹੈ ਅਤੇ ਉਨ੍ਹਾਂ ਅਮੀਰ ਤੇ ਗਰੀਬ ਵਿਚਾਲੇ ਵੱਧ ਰਹੇ ਪਾੜੇ ਨੂੰ ਘਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਰਾਹੁਲ ਨੇ ਟਵਿੱਟਰ ’ਤੇ 20 ਜੁਲਾਈ ਦੀ ਖ਼ਬਰ ਦੀ ਵੀਡੀਓ ਵੀ ਸਾਂਝੀ ਕੀਤੀ ਜਿਸ ’ਚ ਇੱਕ ਸਬਜ਼ੀ ਵੇਚਣ ਵਾਲਾ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਆਪਣੀ ਹਾਲਤ ਬਾਰੇ ਦਸਦਾ ਹੋਇਆ ਭਾਵੁਕ ਹੋ ਰਿਹਾ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਵੀਡੀਓ ਸਾਝੀ ਕਰਦਿਆਂ ਭਾਜਪਾ ਤੇ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਕਿ ਹਾਕਮ ਧਿਰ ਦੇ ਸੰਸਦ ਮੈਂਬਰ ਸੰਸਦ ’ਚ ਬੇਕਾਰ ਦੇ ਮਸਲਿਆਂ ’ਤੇ ਸ਼ੋਰ ਮਚਾ ਰਹੇ ਹਨ ਤੇ ਪ੍ਰਧਾਨ ਮੰਤਰੀ ਲੋਕਾਂ ਨੂੰ ਝੂਠੀਆਂ ਉਮੀਦਾਂ ਦੇ ਰਹੇ ਹਨ।