ਲੌਂਗੋਵਾਲ, 31 ਅਗਸਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਮੰਡੇਰ ਕਲਾਂ ਪੁੱਜ ਕੇ ਪਿਛਲੇ ਦਿਨੀਂ ਲੌਂਗੋਵਾਲ ਵਿੱਚ ਹੋਏ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮ੍ਰਿਤਕ ਕਿਸਾਨ ਦੀ ਪਤਨੀ ਮਨਜੀਤ ਕੌਰ ਤੇ ਪੁੱਤਰ ਰਵਿੰਦਰ ਸਿੰਘ ਨੂੰ ਜਥੇਬੰਦੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਸ਼ਹੀਦ ਕਿਸਾਨ ਲਈ ਸਰਕਾਰ ਵੱਲੋਂ ਐਲਾਨੀ 10 ਲੱਖ ਦੀ ਰਾਸ਼ੀ ਨੂੰ ਨਿਗੂਣੀ ਕਰਾਰ ਦਿੰਦਿਆਂ ਉਨ੍ਹਾਂ ਸਰਕਾਰ ਤੋਂ 50 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਅੱਧਾ ਪਾਣੀ ਦੇ ਕੇ ਸੂਬੇ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ, ਜਦਕਿ ਰਿਪੇਰੀਅਨ ਐਕਟ ਅਨੁਸਾਰ ਜਿਹੜੇ ਸੂਬੇ ’ਚੋਂ ਦਰਿਆ ਲੰਘਦੇ ਹੋਣ ਉਨ੍ਹਾਂ ’ਤੇ ਉਸ ਸੂਬੇ ਦਾ ਹੀ ਹੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਦਰਿਆਵਾਂ ਸਬੰਧੀ ਕੀਤੇ ਗਏ ਸਮੁੱਚੇ ਸਮਝੌਤੇ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਪਾਣੀ ਕਰਕੇ ਹੀ ਅੱਜ ਰਾਜਸਥਾਨ ਤੇ ਹਰਿਆਣਾ ਖੁਸ਼ਹਾਲੀ ਮਾਣ ਰਹੇ ਹਨ। ਇਸ ਲਈ ਦੋਵੇਂ ਸੂਬੇ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ 5-5 ਹਜ਼ਾਰ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਕੇਂਦਰ ਸਰਕਾਰ ਨੇ ਸਿਰਫ਼ 186 ਕਰੋੜ ਰੁਪਏ ਦੇ ਕੇ ਬੁੱਤਾ ਸਾਰਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਸ੍ਰੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਹੜ੍ਹ ਪੀੜਤਾਂ ਦੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਕਿਸੇ ਇਲਾਕੇ ਵਿੱਚ ਦਵਾਈਆਂ, ਚਾਰਾ, ਫੀਡ ਜਾਂ ਰਾਸ਼ਨ ਭੇਜਿਆ ਹੈ। ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਦਾ ਹਿੱਸਾ ਬਣਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ‘ਇੰਡੀਆ’ ਗਠਜੋੜ ਪੰਜਾਬ ਹਿਤੈਸ਼ੀ ਨਹੀਂ ਹੈ ਕਿਉਂਕਿ ਕਾਂਗਰਸ ਨੇ ਪੰਜਾਬੀਆਂ ਨਾਲ ਪੈਰ ਪੈਰ ’ਤੇ ਧ੍ਰੋਹ ਕਮਾਇਆ ਹੈ।