ਨਵੀਂ ਦਿੱਲੀ, 15 ਜੁਲਾਈ

ਸੰਸਦ ਭਵਨ ਕੰਪਲੈਕਸ ਦੀ ਵਰਤੋਂ ਧਰਨੇ, ਪ੍ਰਦਰਸ਼ਨ, ਹੜਤਾਲ, ਵਰਤ ਜਾਂ ਧਾਰਮਿਕ ਸਮਾਗਮਾਂ ਲਈ ਨਹੀਂ ਕੀਤੀ ਜਾ ਸਕਦੀ। ਇਹ ਗੱਲ ਰਾਜ ਸਭਾ ਸਕੱਤਰੇਤ ਦੇ ਬੁਲੇਟਿਨ ਵਿੱਚ ਕਹੀ ਗਈ ਹੈ। ਧਰਨੇ, ਪ੍ਰਦਰਸ਼ਨਾਂ ਸਬੰਧੀ ਇਹ ਬੁਲੇਟਿਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਗੈਰ-ਸੰਸਦੀ ਸ਼ਬਦਾਂ ’ਤੇ ਪਾਬੰਦੀ ਖ਼ਿਲਾਫ਼ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਮੌਨਸੂਨ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਵੱਲੋਂ ਜਾਰੀ ਬੁਲੇਟਿਨ ਵਿੱਚ ਇਸ ਵਿਸ਼ੇ ‘ਤੇ ਮੈਂਬਰਾਂ ਦੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ।