ਹੰਦਵਾੜਾ, 22 ਸਤੰਬਰ
ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਸੰਵਿਧਾਨ ਨਾਲ ਛੇੜਖਾਨੀ ਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਲਈ ਠੀਕ ਨਹੀਂ ਹੋਵੇਗੀ ਕਿਉਂਕਿ ਇਸ ’ਚ ਇੰਨੀ ਆਸਾਨੀ ਨਾਲ ਸੋਧ ਨਹੀਂ ਕੀਤੀ ਜਾ ਸਕਦੀ ਹੈ। ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਸਮਾਜਵਾਦ’ ਅਤੇ ‘ਧਰਮਨਿਰਪੱਖ’ ਸ਼ਬਦ ਹਟਾਉਣ ਦੇ ਕਾਂਗਰਸ ਵੱਲੋਂ ਲਾਏ ਗਏ ਦੋਸ਼ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਮਰ ਅਬਦੁੱਲਾ ਨੇ ਇਹ ਗੱਲ ਆਖੀ। ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਨੇ ਕਿਹਾ, ‘‘ਸੰਵਿਧਾਨ ਆਸਾਨੀ ਨਾਲ ਨਹੀਂ ਬਦਲਿਆ ਜਾ ਸਕਦਾ ਹੈ। ਸੰਵਿਧਾਨ ਬਦਲਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਜਿਥੋਂ ਤੱਕ ਮੈਨੂੰ ਪਤਾ ਹੈ ਲੋਕ ਸਭਾ ਜਾਂ ਰਾਜ ਸਭਾ ’ਚ ਅਜਿਹੇ ਸ਼ਬਦ ਹਟਾਉਣ ਲਈ ਕੋਈ ਵੋਟਿੰਗ ਨਹੀਂ ਹੋਈ ਹੈ।’’ ਉਨ੍ਹਾਂ ਕਿਹਾ ਕਿ ਜੇ ਭਾਜਪਾ ਸੰਵਿਧਾਨ ਨਾਲ ਖਿਲਵਾੜ ਕਰ ਰਹੀ ਹੈ ਤਾਂ ਇਹ ਦੇਸ਼ ਲਈ ਠੀਕ ਨਹੀਂ ਹੋਵੇਗਾ ਕਿਉਂਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਜੇਕਰ ਜੰਮੂ-ਕਸ਼ਮੀਰ ਭਾਰਤ ਵਿੱਚ ਸ਼ਾਮਲ ਹੋਇਆ ਹੈ, ਤਾਂ ਇਹ ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਸ਼ਾਮਲ ਹੋਇਆ ਹੈ, ਨਾ ਕਿ ਆਰਐੱਸਐੱਸ ਜਾਂ ਸੰਘ ਪਰਿਵਾਰ ਦੇ ਮੁਲਕ ’ਚ ਸ਼ਾਮਲ ਹੋਇਆ ਹੈ। ਧਾਰਾ 370 ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਬਾਰੇ ਅਬਦੁੱਲਾ ਨੇ ਕਿਹਾ ਕਿ ਐੱਨਸੀ ਆਸਵੰਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਜੰਮੂ ਕਸ਼ਮੀਰ ਦੀ 80 ਫ਼ੀਸਦ ਅਬਾਦੀ ਦੇ ਮੌਜੂਦਾ ਸ਼ਾਸਨ ਤੋਂ ਖੁਸ਼ ਹੋਣ ਦੇ ਕੀਤੇ ਗਏ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਲੋਕ ਕਿਤੇ ਦਿਖਾਈ ਨਹੀਂ ਦਿੰਦੇ ਹਨ ਤੇ ਜੇਕਰ ਲੋਕ ਖੁਸ਼ ਹਨ ਤਾਂ ਫਿਰ ਉਹ ਐੱਨਸੀ ਦੀਆਂ ਰੈਲੀਆਂ ’ਚ ਕਿਉਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ ਤਾਂ ਵਿਧਾਨ ਸਭਾ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਹਨ, ਜੇਕਰ 80 ਫ਼ੀਸਦੀ ਲੋਕ ਚੋਣਾਂ ਤੋਂ ਦੂਰ ਰਹਿੰਦੇ ਹਨ ਤਾਂ ਫਿਰ ਗਵਰਨਰ ਰਾਜ ਲਾਗੂ ਰਹਿਣਾ ਚਾਹੀਦਾ ਹੈ।