ਸੰਯੁਕਤ ਰਾਸ਼ਟਰ, 2 ਦਸੰਬਰ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਸੱਦਾ ਦਿੱਤਾ ਹੈ ਕਿ ਸੈਰ-ਸਪਾਟੇ ਨੂੰ ਮੁੜ ਲੀਹ ਉਤੇ ਲਿਆਉਣ ਲਈ ਅਜਿਹੇ ਕਦਮ ਚੁੱਕੇ ਜਾਣ ਜੋ ਵਾਤਾਵਰਨ ਪੱਖੀ ਹੋਣ। ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਕਾਰਨ ਸੈਰ-ਸਪਾਟਾ ਸਨਅਤ ਬੇਹੱਦ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਸੀਂ ਹੁਣ ਮਹਾਮਾਰੀ ਤੋਂ ਉੱਭਰ ਰਹੇ ਹਾਂ, ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਗਠਨ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਇਸ ਨੂੰ ਸੈਰ-ਸਪਾਟੇ ਬਾਰੇ ਆਪਣੀਆਂ ਰਣਨੀਤੀਆਂ ਮੁੜ ਤੋਂ ਵਿਚਾਰਨ ਦੀ ਲੋੜ ਪਏਗੀ। ਇਸ ਤੋਂ ਇਲਾਵਾ ਸਮਾਜਿਕ, ਆਰਥਿਕ ਤੇ ਕੁਦਰਤੀ ਸਰੋਤਾਂ ਦੇ ਪੱਖਾਂ ਤੋਂ ਵੀ ਸੋਚਣਾ ਪਏਗਾ। ‘ਗਰੀਨ ਟੂਰਿਜ਼ਮ’ ਨੂੰ ਉਤਸ਼ਾਹਿਤ ਕਰਨਾ ਪਵੇਗਾ। ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਸੈਕਟਰ ਜਿਵੇਂ ਕਿ ਹਵਾਈ ਤੇ ਸਮੁੰਦਰੀ ਆਵਾਜਾਈ, ਤੋਂ ਕਾਰਬਨ ਨਿਕਾਸੀ ਸਿਫ਼ਰ ਕਰਨੀ ਪਏਗੀ। ਹਰ ਵਰਗ ਨੂੰ ਸੈਰ-ਸਪਾਟਾ ਸੈਕਟਰ ਦਾ ਹਿੱਸਾ ਬਣਾਉਣਾ ਪਏਗਾ। ਅਜਿਹੇ ਕਦਮ ਚੁੱਕਣੇ ਪੈਣਗੇ ਜੋ ਕਿ ਹਾਸ਼ੀਏ ਉਤੇ ਧੱਕੇ ਵਰਗਾਂ ਲਈ ਸਹਾਈ ਹੋਣ, ਲਿੰਗ ਬਰਾਬਰੀ ਲਈ ਕੰਮ ਕਰਨ ਤੇ ਅੰਤਰ-ਸਭਿਆਚਾਰਕ ਸਮਝ ਨੂੰ ਵਿਕਸਿਤ ਕਰਨ। ਇਸ ਦਾ ਮਤਲਬ ਹੈ ਟਿਕਾਊ ਸੈਰ-ਸਪਾਟਾ ਜੋ ਸਾਡੇ ਗ੍ਰਹਿ ਨੂੰ ਵੀ ਬਚਾਏ ਤੇ ਟਿਕਾਊ ਵਿਕਾਸ-2030 ਦੇ ਏਜੰਡੇ ਉਤੇ ਖਰਾ ਉਤਰੇ।