ਜਨੇਵਾ, 25 ਅਗਸਤ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਦੀ ਮੁਖੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਅਫ਼ਗਾਨਿਸਤਾਨ ਤੋਂ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ’ਚੋਂ ਮਨੁੱਖੀ ਹੱਕਾਂ ਦੇ ਗੰਭੀਰ ਘਾਣ ਦੀਆਂ ਭਰੋਸੇਯੋਗ ਰਿਪੋਰਟਾਂ ਮਿਲੀਆਂ ਹਨ। ਮਿਸ਼ੇਲ ਬੈਸ਼ਲੇ ਨੇ ਮਨੁੱਖੀ ਅਧਿਕਾਰ ਕੌਂਸਲ ਨੂੰ ਬੇਨਤੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਮਨੁੱਖੀ ਹੱਕਾਂ ਦੀ ਸਥਿਤੀ ’ਤੇ ਗੌਰ ਕੀਤੀ ਜਾਵੇ ਤੇ ‘ਜ਼ੋਰਦਾਰ ਢੰਗ ਨਾਲ ਸਖ਼ਤ ਕਾਰਵਾਈ’ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਉੱਥੇ ਲੋਕਾਂ ਅਤੇ ਹਥਿਆਰ ਸੁੱਟਣ ਵਾਲੇ ਕਈ ਸੁਰੱਖਿਆ ਬਲਾਂ ਨੂੰ ‘ਫਾਹੇ’ ਲਾਇਆ ਜਾ ਰਿਹਾ ਹੈ। ਔਰਤਾਂ ਉਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਮਿਸ਼ੇਲ ਨੇ ਕਿਹਾ ਕਿ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਾਲਿਬਾਨ ਪਹਿਲਾਂ ਵਾਂਗ ਹੀ ਕਠੋਰ ਹੋ ਕੇ ਸ਼ਾਸਨ ਕਰੇਗਾ। ਜ਼ਿਕਰਯੋਗ ਹੈ ਕਿ ਤਾਲਿਬਾਨ ਆਗੂਆਂ ਨੇ ਵਾਅਦਾ ਕੀਤਾ ਹੈ ਕਿ ਉਹ ਕਾਨੂੰਨ-ਵਿਵਸਥਾ ਕਾਇਮ ਕਰਨਗੇ। ਉਨ੍ਹਾਂ ਆਪਣੀ ਪਹਿਲਾਂ ਬਣੀ ਜ਼ਾਲਮ ਪਛਾਣ ਨੂੰ ਨਰਮ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਬਹੁਤੇ ਅਫ਼ਗਾਨਾਂ ਨੂੰ ਯਕੀਨ ਨਹੀਂ ਹੈ ਤੇ ਉਹ ਦੇਸ਼ ਛੱਡਣ ਲਈ ਕਾਹਲੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਕਈ ਥਾਵਾਂ ਤੋਂ ਰਿਪੋਰਟਾਂ ਆਈਆਂ ਹਨ ਤੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਹੱਕਾਂ ਦਾ ਘਾਣ ਕਿਸ ਪੱਧਰ ਤੱਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋ ਰਿਹਾ ਹੈ ਤਾਂ ਇਹ ਤਾਲਿਬਾਨ ਦੀ ਕਹਿਣੀ ਤੇ ਕਰਨੀ ਵਿਚ ਵੱਡੇ ਫ਼ਰਕ ਦੇ ਬਰਾਬਰ ਹੈ। ਮਿਸ਼ੇਲ ਨੇ ਕਿਹਾ ਕਿ ਇਸ ਸਮੇਂ ਅਫ਼ਗਾਨਿਸਤਾਨ ਦੇ ਲੋਕ ਮਨੁੱਖੀ ਅਧਿਕਾਰ ਕੌਂਸਲ ਵੱਲ ਦੇਖ ਰਹੇ ਹਨ। ਇਸ ਲਈ ਜ਼ੋਰਦਾਰ ਕਦਮ ਚੁੱਕਣ ਦੀ ਲੋੜ ਹੈ। ਬੈਸ਼ਲੇ ਨੇ ਇਸੇ ਸੰਦਰਭ ਵਿਚ ਕੌਂਸਲ ਵੱਲੋਂ ਜਾਂਚ ਕਮਿਸ਼ਨ ਭੇਜਣ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ।