ਕਿਰਨ ਤੇ ਸੰਦੀਪ ਇਕੋ ਸਕੂਲ ’ਚ ਪੰਜਵੀਂ ਜਮਾਤ ਵਿਚ ਪੜ੍ਹਦੀਆਂ ਸਨ। ਕਿਰਨ ਦੇ ਪਾਪਾ ਹਸਪਤਾਲ ’ਚ ਕੰਮ ਕਰਦੇ ਸਨ, ਪਰ ਉਨ੍ਹਾਂ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਥਾਂ ’ਤੇ ਉਸ ਦੀ ਮੰਮੀ ਨੂੰ ਨੌਕਰੀ ਮਿਲ ਗਈ ਸੀ। ਸੰਦੀਪ ਦੇ ਪਾਪਾ ਦਾ ਚੰਗਾ ਕਾਰੋਬਾਰ ਸੀ। ਕਿਰਨ ਦੇ ਸਕੂਲ ਜਾਣ ਆਉਣ ਦਾ ਸਮਾਂ ਆਪਣੀ ਮੰਮੀ ਦੇ ਨੌਕਰੀ ਦੇ ਸਮੇਂ ਨਾਲ ਮੇਲ ਖਾਂਦਾ ਸੀ। ਉਹ ਘਰੋਂ ਇਕੱਠੀਆਂ ਹੀ ਨਿਕਲਦੀਆਂ ਤੇ ਇਕੱਠੀਆਂ ਹੀ ਵਾਪਸ ਆਉਂਦੀਆਂ।
ਸੰਦੀਪ ਕਿਰਨ ਨੂੰ ਆਪਣੇ ਵੱਡੇ ਘਰ ਤੇ ਉਸ ਵਿਚਲੀਆਂ ਕੀਮਤੀ ਚੀਜ਼ਾਂ ਬਾਰੇ ਦੱਸਦੀ ਰਹਿੰਦੀ ਸੀ। ਕਿਰਨ ਨੂੰ ਇਹ ਗੱਲਾਂ ਬੜੀਆ ਚੰਗੀਆਂ ਲੱਗਦੀਆਂ ਤੇ ਉਹ ਸੋਚਦੀ ਕਿ ਕਾਸ਼ ਇਹ ਸਭ ਕੁਝ ਉਨ੍ਹਾਂ ਕੋਲ ਵੀ ਹੁੰਦਾ।
ਕਿਰਨ ਅਕਸਰ ਹੀ ਆਪਣੀ ਮੰਮੀ ਨੂੰ ਆਖਦੀ, ‘ਮੰਮੀ, ਸਾਡਾ ਘਰ ਨਿੱਕਾ ਜਿਹਾ ਹੈ। ਬਸ ਦੋ ਕਮਰੇ ਤੇ ਪੁਰਾਣੀ ਜਿਹੀ ਰਸੋਈ! ਕੀ ਅਸੀਂ ਕਿਰਨ ਹੋਰਾਂ ਵਾਂਗ ਅਮੀਰ ਨਹੀਂ ਹੋ ਸਕਦੇ?
ਕਿਰਨ ਦੀ ਮੰਮੀ ਉਸਨੂੰ ਸਮਝਾਉਂਦੀ, ‘ਮੇਰੀ ਲਾਡੋ ਵੱਡਿਆਂ ਘਰਾਂ ਨਾਲ ਜਾਂ ਕੀਮਤੀ ਚੀਜ਼ਾਂ ਨਾਲ ਕੋਈ ਅਮੀਰ ਨਹੀਂ ਹੋ ਜਾਂਦਾ। ਸਾਡੇ ਕੋਲ ਜੋ ਹੈ,ਉਸ ਨਾਲ ਹੀ ਸਾਡੇ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ। ਮਨ ’ਚ ਹਰ ਵੇਲੇ ਖ਼ੁਸ਼ੀ ਤੇ ਕੁਝ ਕਰਨ ਦੀ ਲਗਨ ਹੋਣੀ ਚਾਹੀਦੀ ਹੈ।’
ਦੋ ਕੁ ਦਿਨਾਂ ਬਾਅਦ ਕਿਰਨ ਦਾ ਫੇਰ ਉਹੀ ਰਾਗ। ਉਸਦੀ ਮੰਮੀ ਫੇਰ ਕਹਿੰਦੀ, ‘ਕਿਰਨ, ਕੀ ਕਦੀ ਤੂੰ ਉਨ੍ਹਾਂ ਬੱਚਿਆਂ ਵੱਲ ਦੇਖਿਆ ਹੈ ਜਿਹੜੇ ਫੁੱਟ ਪਾਥਾਂ ’ਤੇ ਸੌਂਦੇ ਹਨ ਤੇ ਜਿਨ੍ਹਾਂ ਨੇ ਕਦੀ ਘਰ ਤੇ ਸਕੂਲ ਦਾ ਸੁਪਨਾ ਵੀ ਨਹੀਂ ਦੇਖਿਆ? ਸਾਨੂੰ ਤਾਂ ਰੱਬ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਦੀ ਕਈ ਵਾਰੀ ਥੋੜ੍ਹੀ ਮਦਦ ਵੀ ਕਰਨੀ ਚਾਹੀਦੀ ਹੈ।’

ਕੁਝ ਦਿਨਾਂ ਬਾਅਦ ਕਿਰਨ ਸਕੂਲ ਤੋਂ ਆ ਕੇ ਆਪਣੀ ਮੰਮੀ ਨੂੰ ਕਹਿਣ ਲੱਗੀ, ‘ਮੰਮੀ, ਸੰਦੀਪ ਨੇ ਮੈਨੂੰ ਆਪਣੇ ਘਰ ਆਉਣ ਲਈ ਪਹਿਲਾਂ ਵੀ ਬੜੀ ਵਾਰੀ ਕਿਹਾ ਹੈ। ਅੱਜ ਵੀ ਉਸਨੇ ਬੜਾ ਜ਼ੋਰ ਦੇ ਕੇ ਕਿਹਾ ਹੈ। ਕੀ ਮੈਂ ਚਲੀ ਜਾਵਾਂ?’
‘ਚੱਲ ਜਾ, ਜਲਦੀ ਆ ਜਾਈਂ।’ ਮੰਮੀ ਨੇ ਕਿਹਾ। ਕਿਰਨ ਚਲੇ ਗਈ। ਕਿਰਨ ਤਾਂ ਸੰਦੀਪ ਦਾ ਘਰ ਦੇਖ ਕੇ ਦੰਗ ਰਹਿ ਗਈ। ਏਡੀ ਵੱਡੀ ਦੋ ਮੰਜ਼ਿਲਾ ਕੋਠੀ ਤੇ ਉਸ ’ਚ ਵੱਡੇ ਵੱਡੇ ਕਮਰੇ। ਘਰ ’ਚ ਸਿਰਫ਼ ਸੰਦੀਪ ਤੇ ਇਕ ਨੌਕਰਾਣੀ। ਉਸਨੇ ਤਾਂ ਕਦੀ ਸੁਪਨੇ ’ਚ ਵੀ ਅਜਿਹਾ ਘਰ ਨਹੀਂ ਸੀ ਦੇਖਿਆ। ਸੰਦੀਪ ਦਾ ਕਮਰਾ ਵੀ ਬਹੁਤ ਸੋਹਣਾ ਸੀ। ਉਸਦੇ ਵੱਡੇ ਬੈੱਡ ’ਤੇ ਬਹੁਤ ਖ਼ੂਬਸੂਰਤ ਬਿਸਤਰਾ ਵਿਛਿਆ ਹੋਇਆ ਸੀ। ਇਕ ਪਾਸੇ ਕੱਪੜਿਆਂ ਵਾਲੀ ਤੇ ਦੂਜੇ ਪਾਸੇ ਕਿਤਾਬਾਂ ਵਾਲੀ ਅਲਮਾਰੀ ਸੀ।। ਨਾਲ ਹੀ ਪੜ੍ਹਨ ਵਾਲਾ ਮੇਜ਼-ਕੁਰਸੀ ਸੀ।
ਕਿਰਨ ਨੇ ਕਿਹਾ, ‘ਤੇਰਾ ਘਰ ਤਾਂ ਬਹੁਤ ਹੀ ਸੋਹਣਾ ਹੈ, ਪਰ ਆਂਟੀ ਕਿੱਥੇ ਹਨ?’
‘ਮੰਮੀ? ਉਹ ਤਾਂ ਕਿਸੇ ਪਾਰਟੀ ’ਤੇ ਗਏ ਹੋਏ ਹਨ। ਉਨ੍ਹਾਂ ਦੀ ਰੋਜ਼ ਕੋਈ ਨਾ ਕੋਈ ਪਾਰਟੀ ਚੱਲਦੀ ਹੀ ਰਹਿੰਦੀ ਹੈ। ਉਹ ਸਾਰਾ ਦਿਨ ਰੁੱਝੇ ਰਹਿੰਦੇ ਹਨ।’
‘ਅੱਛਾ!’ ਕਿਰਨ ਹੈਰਾਨ ਹੋ ਕੇ ਬੋਲੀ, ‘ਕੀ ਤੈਨੂੰ ਇਕੱਲਿਆਂ ਰਹਿਣਾ ਚੰਗਾ ਲੱਗਦਾ ਹੈ?’
‘ਤਦੇ ਤਾਂ ਮੰਮੀ ਨੌਕਰਾਣੀ ਨੂੰ ਮੇਰੇ ਕੋਲ ਘਰ ਛੱਡ ਜਾਂਦੇ ਨੇ। ਮੈਂ ਤਾਂ ਚਾਹੁੰਦੀ ਹਾਂ ਕਿ ਮੰਮੀ ਮੇਰੇ ਕੋਲ ਰਹਿਣ, ਪਰ ਉਨ੍ਹਾਂ ਨੂੰ ਕੰਮ ਹੀ ਬੜੇ ਹੁੰਦੇ ਨੇ। ਤੂੰ ਮੇਰੇ ਘਰ ਆ ਜਾਇਆ ਕਰ, ਅਸੀਂ ਦੋਵੇਂ ਗੱਲਾਂ ਕਰਿਆ ਕਰਾਂਗੀਆਂ। ਮੈਂ ਤਾਂ ਟੀ.ਵੀ. ਤੇ ਲੈਪ-ਟਾਪ ਤੋਂ ਅੱਕ ਗਈ ਹਾਂ।’
ਏਨੇ ਚਿਰ ’ਚ ਨੌਕਰਾਣੀ ਰੋਟੀ ਲੈ ਆਈ। ਕਿਰਨ ਬਹੁਤ ਸਾਰੇ ਪਕਵਾਨ ਦੇਖ ਕੇ ਹੈਰਾਨ ਹੋ ਗਈ। ਦੋਹਾਂ ਨੇ ਥੋੜ੍ਹੀ ਥੋੜ੍ਹੀ ਰੋਟੀ ਖਾਧੀ ਤੇ ਕਿਰਨ ਨੇ ਕਿਹਾ, ‘ਮੈਨੂੰ ਤਾਂ ਆਪਣੇ ਮੰਮੀ ਦੇ ਹੱਥਾਂ ਦੀ ਬਣੀ ਤਾਜ਼ੀ ਰੋਟੀ ਹੀ ਚੰਗੀ ਲੱਗਦੀ ਹੈ।’ ਇਸ ਗੱਲ ਨਾਲ ਸੰਦੀਪ ਦਾ ਚਿਹਰਾ ਉਦਾਸ ਹੋ ਗਿਆ ਤੇ ਉਹ ਬੋਲੀ, ‘ਪਰ ਮੇਰੀ ਮੰਮੀ ਕੋਲ ਸਮਾਂ ਹੀ ਨਹੀਂ ਹੁੰਦਾ।’
ਥੋੜ੍ਹੀ ਦੇਰ ਬਾਅਦ ਕਿਰਨ ਜਦੋਂ ਘਰ ਆਉਣ ਲੱਗੀ ਤਾਂ ਸੰਦੀਪ ਨੇ ਕਿਹਾ, ‘ਤੂੰ ਮੇਰੇ ਘਰ ਰੋਜ਼ ਆਇਆ ਕਰ।’
‘ਦੇਖਾਂਗੀ, ਬਾਏ।’ ਤੇ ਕਿਰਨ ਆਪਣੇ ਘਰ ਆ ਗਈ।
ਘਰ ਆਉਂਦਿਆਂ ਹੀ ਕਿਰਨ ਆਪਣੀ ਮੰਮੀ ਨੂੰ ਕਹਿਣ ਲੱਗੀ, ‘ਅੱਗੇ ਤੋਂ ਮੈਂ ਸੰਦੀਪ ਦੇ ਘਰ ਕਦੀ ਨਹੀਂ ਜਾਣਾ।’
‘ਕਿਉਂ? ਕੀ ਉਸਨੇ ਤੈਨੂੰ ਕੁਝ ਗ਼ਲਤ ਕਹਿ ਦਿੱਤਾ ?’ ਮੰਮੀ ਨੇ ਪੁੱਛਿਆ।
‘ਨਹੀਂ, ਉਹ ਤਾਂ ਬਹੁਤ ਚੰਗੀ ਹੈ, ਪਰ ਉਸਦੇ ਘਰ ਮੇਰਾ ਬਿਲਕੁਲ ਦਿਲ ਨਹੀਂ ਲੱਗਾ। ਏਨੇ ਵੱਡੇ ਘਰ ’ਚ ਸੰਦੀਪ ਦੇ ਨਾਲ ਹੁੰਦਿਆਂ ਵੀ ਮੈਨੂੰ ਉੱਥੇ ਕੁਝ ਵੀ ਚੰਗਾ ਨਹੀਂ ਲੱਗਾ। ਆਂਟੀ ਤਾਂ ਸਾਰਾ ਦਿਨ ਆਪਣੀਆਂ ਪਾਰਟੀਆਂ ’ਚ ਰੁੱਝੇ ਰਹਿੰਦੇ ਹਨ। ਸੰਦੀਪ ਵਿਚਾਰੀ ਸਾਰਾ ਦਿਨ ਇਕੱਲੀ, ਨੌਕਰਾਣੀ ਨਾਲ ਭਲਾ ਉਹ ਕੀ ਗੱਲਾਂ ਕਰੇ?’ ਕਿਰਨ ਨੇ ਦੱਸਿਆ।
ਸੰਦੀਪ ਦੋ ਦਿਨਾਂ ਤੋਂ ਸਕੂਲ ਨਹੀਂ ਸੀ ਆ ਰਹੀ। ਉਹ ਸੰਦੀਪ ਦਾ ਪਤਾ ਲੈਣਾ ਚਾਹੁੰਦੀ ਸੀ, ਪਰ ਪਤਾ ਨਹੀਂ ਉਸਦੇ ਅੰਦਰੋਂ ਉਸਨੂੰ ਕਿਹੜੀ ਭਾਵਨਾ ਰੋਕ ਦਿੰਦੀ। ਅਗਲੇ ਦਿਨ ਜਦੋਂ ਕਿਰਨ ਸਕੂਲ ਤੋਂ ਵਾਪਸ ਆਈ ਤਾਂ ਉਸਦੀ ਮੰਮੀ ਕੋਲ ਇਕ ਬਹੁਤ ਆਧੁਨਿਕ ਦਿੱਖ, ਪਰ ਮੁਰਝਾਏ ਚਿਹਰੇ ਵਾਲੀ ਔਰਤ ਬੈਠੀ ਹੋਈ ਸੀ।
ਕਿਰਨ ਦੀ ਮੰੰਮੀ ਨੇ ਕਿਹਾ, ‘ਬੇਟੇ, ਇਹ ਸੰਦੀਪ ਦੇ ਮੰਮੀ ਹਨ।’ ਕਿਰਨ ਨੇ ਨਮਸਤੇ ਬੁਲਾਈ ਤੇ ਪੁੱਛਿਆ, ‘ਆਂਟੀ ਕਿਰਨ ਸਕੂਲ ਕਿਉਂ ਨਹੀਂ ਆ ਰਹੀ?’
ਸੰਦੀਪ ਦੇ ਮੰਮੀ ਨੇ ਉਸਨੂੰ ਦੱਸਿਆ, ‘ਬੇਟੇ ਉਸਨੂੰ ਤਾਂ ਬੁਖ਼ਾਰ ਦਾ ਅੱਜ ਤੀਸਰਾ ਦਿਨ ਹੈ। ਚੰਗੇ ਡਾਕਟਰਾਂ ਨੂੰ ਦਿਖਾਇਆ, ਪਰ ਬੁਖ਼ਾਰ ਉਤਰ ਹੀ ਨਹੀਂ ਰਿਹਾ; ਬੜੀ ਉਦਾਸ ਹੈ। ਅੱਜ ਬਾਰ ਬਾਰ ਤੈਨੂੰ ਯਾਦ ਕਰ ਰਹੀ ਹੈ। ਮੈਂ ਤਾਂ ਤੈਨੂੰ ਲੈਣ ਆਈ ਹਾਂ, ਸ਼ਾਇਦ ਤੈਨੂੰ ਮਿਲ ਕੇ ਖ਼ੁਸ਼ ਹੋ ਜਾਏ।’
ਕਿਰਨ ਦੀ ਮੰਮੀ ਨੇ ਵੀ ਉਸਨੂੰ ਜਾਣ ਲਈ ਕਿਹਾ। ਕਿਰਨ ਨੂੰ ਦੇਖਦਿਆਂ ਹੀ ਸੰਦੀਪ ਦਾ ਚਿਹਰਾ ਖਿੜ ਉੱਠਿਆ। ਉਹ ਬਿਸਤਰੇ ’ਚੋਂ ਉੱਠ ਕੇ ਬੈਠ ਗਈ; ਉਸਨੇ ਸੰਦੀਪ ਨੂੰ ਕਿਹਾ, ‘ਤੂੰ ਉਸ ਦਿਨ ਤੋਂ ਬਾਅਦ ਮੇਰੇ ਘਰ ਆਈ ਹੀ ਨਹੀਂ, ਮੈਨੂੰ ਪਤਾ ਹੈ ਕਿ ਤੈਨੂੰ ਮੇਰੇ ਘਰ ਦਾ ਮਾਹੌਲ ਚੰਗਾ ਨਹੀਂ ਲੱਗਾ।’
‘ਮੈਨੂੰ ਆਂਟੀ ਤੋਂ ਬਿਨਾਂ ਇੱਥੇ ਚੰਗਾ ਨਹੀਂ ਸੀ ਲੱਗਦਾ।’ ਕਿਰਨ ਬੋਲੀ।
ਸੰਦੀਪ ਦੀ ਮੰਮੀ ਨੇ ਕਿਰਨ ਨੂੰ ਗਲਵੱਕੜੀ ਪਾਉਂਦਿਆਂ ਕਿਹਾ, ‘ਬੇਟੇ, ਮੈਂ ਹੁਣ ਹਮੇਸ਼ਾਂ ਸੰਦੀਪ ਦੇ ਕੋਲ ਹੀ ਰਹਾਂਗੀ।’
ਘੰਟੇ ਕੁ ਬਾਅਦ ਸੰਦੀਪ ਦਾ ਬੁਖ਼ਾਰ ਉਤਰ ਗਿਆ। ਹੁਣ ਉਹ ਖ਼ੁਸ਼ ਸੀ। ਕਿਰਨ ਅਗਲੇ ਦਿਨ ਫੇਰ ਆਉਣ ਦਾ ਵਾਅਦਾ ਕਰਕੇ ਚੱਲੀ ਹੀ ਸੀ ਕਿ ਸੰਦੀਪ ਦੀ ਮੰਮੀ ਨੇ ਕਿਹਾ ਕਿ ਉਹ ਉਸਨੂੰ ਆਪ ਛੱਡ ਕੇ ਆਵੇਗੀ।
ਕਿਰਨ ਦੇ ਘਰ ਪਹੁੰਚ ਕੇ ਸੰਦੀਪ ਦੀ ਮੰਮੀ ਨੇ ਕਿਰਨ ਦੀ ਮੰਮੀ ਨੂੰ ਕਿਹਾ, ‘ਭੈਣ ਜੀ ਮੈਂ ਆਪਣੇ ਰਹਿਣ-ਸਹਿਣ ਦਾ ਮਿਆਰ ਉੱਚਾ ਸਮਝਦਿਆਂ ਆਪਣੀ ਇਕਲੌਤੀ ਔਲਾਦ ਨੂੰ ਸਮਾਂ ਦੇਣਾ ਹੀ ਭੁੱਲ ਗਈ ਸਾਂ। ਇਨ੍ਹਾਂ ਬੱਚੀਆਂ ਨੇ ਮੈਨੂੰ ਸਭ ਸਮਝਾ ਦਿੱਤਾ ਹੈ।’
ਸੰਦੀਪ ਦੀ ਮੰਮੀ ਦੇ ਜਾਣ ਤੋਂ ਬਾਅਦ ਕਿਰਨ ਕਹਿਣ ਲੱਗੀ, ‘ਮੰਮੀ ਤੁਸੀਂ ਬਿਲਕੁਲ ਠੀਕ ਗੱਲਾਂ ਦੱਸਦੇ ਹੁੰਦੇ ਸੀ। ਮੈਨੂੰ ਆਪਣੇ ਘਰ ਵਿਚਲੀਆਂ ਥੋੜ੍ਹੀਆਂ ਚੀਜ਼ਾਂ ਤੇ ਸਭ ਤੋਂ ਜ਼ਿਆਦਾ ਤੁਹਾਡੇ ਸਾਥ ਨਾਲ ਪੂਰੀ ਸੰਤੁਸ਼ਟੀ ਹੈ।’