ਨਵੀਂ ਦਿੱਲੀ: ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਕੋਸ਼ਿਸ਼ ਕਰ ਰਹੇ ਹਨ ਕਿ ਭਾਜਪਾ ਸੰਸਦ ਮੈਂਬਰ ਬ੍ਰਿਜ ਭੂੁਸ਼ਨ ਸ਼ਰਨ ਸਿੰਘ ਦੀ ਸੱਜੀ ਬਾਂਹ ਮੰਨੇ ਜਾਂਦੇ ਸੰਜੈ ਸਿੰਘ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਨਾ ਬਣਨ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ਲਈ ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਅਤੇ 2010 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਨੀਤਾ ਸ਼ਿਓਰਾਨ ਦੋ ਉਮੀਦਵਾਰ ਮੈਦਾਨ ਵਿੱਚ ਹਨ। ਦੋ ਮਹੀਨਿਆਂ ਤੱਕ ਮਹਿਲਾ ਪਹਿਲਵਾਨਾਂ ਨਾਲ ਜਬਰ-ਜਨਾਹ ਦੇ ਮੁੱਦੇ ’ਤੇ ਬ੍ਰਿਜ ਭੂਸ਼ਨ ਖ਼ਿਲਾਫ਼ ਜੰਤਰ-ਮੰਤਰ ’ਤੇ ਧਰਨਾ ਦੇਣ ਵਾਲੇ ਛੇ ਪਹਿਲਵਾਲਾਂ ਨੇ ਵਿਰੋਧੀ ਉਮੀਦਵਾਰ ਸ਼ਿਓਰਾਨ ਦੇ ਸਮਰਥਨ ਦਾ ਫ਼ੈਸਲਾ ਕੀਤਾ ਹੈ, ਜੋ ਭਾਜਪਾ ਆਗੂ ਖ਼ਿਲਾਫ਼ ਜਬਰ-ਜਨਾਹ ਮਾਮਲੇ ਦੀ ਇੱਕ ਗਵਾਹ ਵੀ ਹੈ। ਬਜਰੰਗ, ਵਿਨੇਸ਼ ਤੇ ਸਾਕਸ਼ੀ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਪਹਿਲਵਾਨ ਅੱਜ ਸਵੇਰੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਮਿਲੇ ਸੀ।