ਮੁੰਬਈ:ਫਿਲਮ ਅਦਾਕਾਰ ਸੰਜੈ ਦੱਤ ਫਿਲਮ ਸਨਅਤ ਵਿੱਚ ਨਾਇਕਵਾਦ ਦੇ ਸੁਨਹਿਰੀ ਯੁੱਗ ਨੂੰ ਵਾਪਸ ਲਿਆਉਣ ਦੀ ਮਨਸ਼ਾ ਨਾਲ ਪ੍ਰੋਡਕਸ਼ਨ ਹਾਊਸ ‘ਥ੍ਰੀ ਡਾਈਮੈਨਸ਼ਨ ਮੋਸ਼ਨ ਪਿਕਚਰਜ਼’ ਲਾਂਚ ਕਰ ਰਿਹਾ ਹੈ। ਸੰਜੈ ਨੇ ਦੱਖਣੀ ਭਾਰਤੀ ਫਿਲਮ ‘ਪੁਸ਼ਪਾ’ ਨੂੰ ਹਾਲ ਹੀ ਵਿੱਚ ਬਾਕਸ ਆਫਿਸ ’ਤੇ ਮਿਲੀ ਕਾਮਯਾਬੀ ਅਤੇ ਫਿਲਮ ‘ਬਾਹੂਬਲੀ’ ਦੇ ਨਿਰਮਾਤਾ ਐੱਸਐੱਸ ਰਾਜਾਮੌਲੀ ਦੀਆਂ ਫਿਲਮਾਂ ਦਾ ਹਵਾਲਾ ਦਿੰਦਿਆਂ ਬੌਲੀਵੁੱਡ ’ਚੋਂ ਅਲੋਪ ਹੋ ਗਏ ਨਾਇਕਵਾਦ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬੌਲੀਵੁੱਡ ਵਿਚ ਪਹਿਲਾਂ ਨਾਇਕਾਂ ’ਤੇ ਆਧਾਰਿਤ ਫਿਲਮਾਂ ਹੁੰਦੀਆਂ ਸੀ ਤੇ ਲੋਕ ਅਦਾਕਾਰਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਸਨ। ਦੱਖਣੀ ਭਾਰਤ ਵਾਲੇ ਹੁਣ ਵੀ ਅਜਿਹੀਆਂ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ ਪਰ ਬੌਲੀਵੁੱਡ ਵਿੱਚ ਅਜਿਹਾ ਨਹੀਂ ਹੋ ਰਿਹਾ। ਸੰਜੈ ਨੇ ਕਿਹਾ ਕਿ ਉਹ ਇਸ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸੁਨਹਿਰੀ ਯੁੱਗ ਇਸ ਵੇਲੇ ਸਿਰਫ ਹੌਲੀਵੁੱਡ ਤੇ ਭਾਰਤ ਦੀਆਂ ਦੱਖਣੀ ਫਿਲਮਾਂ ਵਿਚ ਹੀ ਮੌਜੂਦ ਹੈ। ਸੰਜੈ ਇਸ ਵੇਲੇ ਫਿਲਮ ‘ਦ ਵਰਜਿਨ ਟ੍ਰੀ’ ਦਾ ਨਿਰਮਾਣ ਕਰ ਰਹੇ ਹਨ।