ਮੁੰਬਈ: ਬੌਲੀਵੁੱਡ ਅਦਾਕਾਰ ਸੰਜੈ ਦੱਤ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਮਰਹੂਮ ਨਰਗਿਸ ਦੇ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਹਨ। ਅਦਾਕਾਰ ਨੇ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ਇਥੇ ਉਸ ਵਰਗਾ ਕੋਈ ਨਹੀਂ ਹੈ।’’ ਤਸਵੀਰਾਂ ਵਿੱਚ ਨਰਗਿਸ ਆਪਣੇ ਪਤੀ ਸੁਨੀਲ ਦੱਤ ਅਤੇ ਪੁੱਤਰ ਸੰਜੈ, ਨਮਰਤਾ ਅਤੇ ਪ੍ਰਿਯਾ ਨਾਲ ਦਿਖਾਈ ਦੇ ਰਹੀ ਹੈ। ਸੰਜੈ ਨੇ ਦਿਲ ਵਾਲੇ ਇਮੋਜੀ ਸਾਂਝੇ ਕਰਦਿਆਂ ਆਖਿਆ, ‘‘ਇਥੇ ਤੇਰੇ ਵਰਗਾ ਕੋਈ ਨਹੀਂ, ਜਨਮ ਦਿਨ ਮੁਬਾਰਕ ਮਾਂ।’’ ਇਸ ਪੋਸਟ ’ਤੇ ਸੰਜੇ ਦੱਤ ਦੀ ਧੀ ਤ੍ਰਿਸ਼ਲਾ ਨੇ ਦਿਲ ਵਾਲੇ ਇਮੋਜੀ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਅਨੁਸਾਰ ਨਰਗਿਸ ਨੇ ਸੰਜੈ ਦੱਤ ਦੀ ਪਹਿਲੀ ਫਿਲਮ ‘ਰੌਕੀ’ ਦੇ ਰਿਲੀਜ਼ ਹੋਣ ਤੋਂ ਤਿੰਨ ਦਿਨ ਪਹਿਲਾਂ 3 ਮਈ, 1981 ਨੂੰ ਕੈਂਸਰ ਨਾਲ ਲੜਦਿਆਂ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਮਰਹੂਮ ਅਦਾਕਾਰਾ ਨੂੰ ਉਸ ਦੀ 1957 ’ਚ ਆਈ ਫਿਲਮ ‘ਮਦਰ ਇੰਡੀਆ’ ਵਿੱਚ ਨਿਭਾਏ ਰਾਧਾ ਦੇ ਕਿਰਦਾਰ ਕਰ ਕੇ ਜਾਣਿਆ ਜਾਂਦਾ ਹੈ। ਉਸ ਨੇ ਹੋਰ ਵੀ ਕਈਆਂ ਫਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਏ ਜਿਵੇਂ ਫ਼ਿਲਮ ‘ਰਾਤ ਔਰ ਦਿਨ’, ‘ਜੋਗਨ’ ਅਤੇ ‘ਬਾਬੁਲ’। ਸੰਜੈ ਦੱਤ ਜਲਦ ਫਿਲਮਾਂ ‘ਸ਼ਮਸ਼ੇਰਾ’ ਅਤੇ ‘ਕੇਜੀਐੱਫ ਚੈਪਟਰ 2’ ਵਿੱਚ ਨਜ਼ਰ ਆਵੇਗਾ।