ਜਕਾਰਤਾ : ਭਾਰਤ ਦੇ ਸੰਜੀਵ ਰਾਜਪੂਤ ਨੇ 50 ਮੀਟਰ ਰਾਈਫਲ 3 ਪੁਜੀਸ਼ਨ ‘ਚ ਚਾਂਦੀ ਤਮਗਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਕੁਲ 8 ਤਮਗੇ ਹੋ ਗਏ ਹਨ ਜਿਸ ‘ਚ 6 ਤਮਗੇ ਨਿਸ਼ਾਨੇਬਾਜ਼ਾਂ ਨੇ ਹਾਸਲ ਕੀਤੇ ਹਨ। ਸ਼ੂਟਿੰਗ ‘ਚ ਭਾਰਤ ਦੇ ਕੋਲ ਹੁਣ 1 ਸੋਨ, 3 ਚਾਂਦੀ ਅਤੇ 2 ਕਾਂਸੀ ਤਮਗੇ ਹੋ ਗਏ ਹਨ।37 ਸਾਲਾਂ ਤਜ਼ਰਬੇਕਾਰ ਸੰਜੀਵ ਸ਼ੁਰੂਆਤ ਤੋਂ ਹੀ ਬੜ੍ਹਤ ‘ਤੇ ਰਹੇ ਅਤੇ ਇਕ ਸਮੇਂ ਸੋਨ ਦੇ ਦਾਅਵੇਦਾਰ ਲੱਗ ਰਹੇ ਸੀ ਪਰ 8.4 ਦੇ ਸ਼ਾਟ ਨਾਲ ਉਸ ਦੀ ਸਥਿਤੀ ‘ਤੇ ਫਰਕ ਪਿਆ। ਹਾਲਾਂਕਿ ਉਸ ਨੇ ਫਿਰ 10.6 ਦਾ ਬਿਹਤਰੀਨ ਸਕੋਰ ਕਰ ਕੇ ਖੁਦ ਨੂੰ ਸੋਨੇ ਦੀ ਦੌੜ ‘ਚ ਪਹੁੰਚਾਇਆ ਪਰ ਕੁਲ 452.7 ਦੇ ਸਕੋਰ ਨਾਲ ਉਸ ਨੇ ਚਾਂਦੀ ਤਮਗਾ ਪੱਕਾ ਕੀਤਾ। ਚੀਨ ਦੇ ਜੀਚੇਂਗ ਹੁਈ ਨੇ 453.3 ਦੇ ਸਕੋਰ ਨਾਲ ਸੋਨ ਅਤੇ ਜਾਪਾਨ ਦੇ ਤਾਕਾਯੁਕੀ ਮਾਤਸੁਮੋਤੋ ਨੇ 441.4 ਦੇ ਸਕੋਰ ਨਾਲ ਕਾਂਸੀ ਤਮਗਾ ਹਾਸਲ ਕੀਤਾ। ਕੁਆਲੀਫੀਕੇਸ਼ਨ ‘ਚ ਭਾਰਤ ਨੇ 32 ਖਿਡਾਰੀਆਂ ਦੀ ਫੀਲਡ ‘ਚ 1160 ਦੇ ਸਕੋਰ ਦੇ ਨਾਲ ਸੱਤਵੇਂ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਇਸ ਵਰਗ ਦੇ ਹੋਰ ਭਾਰਤੀ ਖਿਡਾਰੀ ਅਖਿਲ ਸ਼ਯੋਰਣ 11ਵੇਂ ਸਥਾਨ ‘ਤੇ ਰਹਿ ਕੇ ਖੁੰਝ ਗਏ। ਉਸ ਨੇ 1158 ਦਾ ਸਕੋਰ ਕੀਤਾ।