ਨਾਗਪੁਰ, 8 ਸਤੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਭਾਗਵਤ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਅੱਜ ਵੀ ਪੱਖਪਾਤ ਹੁੰਦਾ ਹੈ ਅਤੇ ਜਦੋਂ ਤੱਕ ਨਾਬਰਾਬਰੀ ਦਾ ਬੋਲਬਾਲਾ ਹੈ, ਉਦੋਂ ਤੱਕ ਰਾਖਵਾਂਕਰਨ ਵੀ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਅਖੰਡ ਭਾਰਤ’ ਜਾਂ ਅਣਵੰਡਿਆ ਭਾਰਤ ਅੱਜ ਦੇ ਨੌਜਵਾਨਾਂ ਦੇ ਉਮਰ ਦਰਾਜ਼ ਹੋਣ ਤੱਕ ਹਕੀਕਤ ਬਣ ਜਾਵੇਗਾ, ਕਿਉਂਕਿ 1947 ਵਿੱਚ ਜਿਹੜੇ ਲੋਕ ਭਾਰਤ ਨਾਲੋਂ ਅੱਡ ਹੋਏ ਸਨ, ਉਨ੍ਹਾਂ ਨੂੰ ਹੁਣ ਲੱਗਦਾ ਹੈ ਕਿ ਉਨ੍ਹਾਂ ਗ਼ਲਤੀ ਕੀਤੀ ਸੀ। ਭਾਗਵਤ ਨੇ ਕਿਹਾ, ‘‘ਸਮਾਜ ਦੇ ਕੁਝ ਵਰਗ ਪਿਛਲੇ 2000 ਸਾਲਾਂ ਤੋਂ ਪੱਖਪਾਤ ਝੱਲ ਰਹੇ ਹਨ, ‘ਫਿਰ ਅਸੀਂ (ਜਿਨ੍ਹਾਂ ਨੂੰ ਪੱਖਪਾਤ ਦਾ ਸਾਹਮਣਾ ਨਹੀਂ ਕਰਨਾ ਪਿਆ) 200 ਹੋਰ ਸਾਲਾਂ ਲਈ ਕੁਝ ਦਿੱਕਤਾਂ ਨੂੰ ਸਵੀਕਾਰ ਕਿਉਂ ਨਹੀਂ ਕਰ ਸਕਦੇ।’’ ਭਾਗਵਤ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਮਰਾਠਾ ਭਾਈਚਾਰੇ ਦੇ ਅੰਦੋਲਨ ਨੇ ਜ਼ੋਰ ਫੜਿਆ ਹੋਇਆ ਹੈ। ਆਰਐੱਸਐੱਸ ਮੁਖੀ ਨੇ ਕਿਹਾ, ‘‘ਅਸੀਂ ਆਪਣੇ ਹੀ ਸਾਥੀ ਮਨੁੱਖਾਂ ਨੂੰ ਸਮਾਜਿਕ ਪ੍ਰਬੰਧ ਵਿਚ ਪਿੱਛੇ ਧੱਕੀ ਰੱਖਿਆ। ਅਸੀਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ, ਤੇ ਇਹ ਅਮਲ 2000 ਸਾਲਾਂ ਤੱਕ ਚੱਲਦਾ ਰਿਹਾ। ਜਦੋਂ ਤੱਕ ਅਸੀਂ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦੇ, ਕੁਝ ਵਿਸ਼ੇਸ਼ ਉਪਾਅ ਹੋਣਾ ਚਾਹੀਦਾ ਹੈ, ਅਤੇ ਰਾਖਵਾਂਕਰਨ ਇਨ੍ਹਾਂ ਵਿਚੋਂ ਇਕ ਹੈ। ਲਿਹਾਜ਼ਾ ਜਦੋਂ ਤੱਕ ਅਜਿਹਾ ਪੱਖਪਾਤ ਜਾਰੀ ਰਹਿੰਦਾ ਹੈ, ਰਾਖਵਾਂਕਰਨ ਜਾਰੀ ਰਹਿਣਾ ਚਾਹੀਦਾ ਹੈ। ਆਰਐੱਸਐੱਸ ਵਿੱਚ ਅਸੀਂ ਸੰਵਿਧਾਨ ਵਿੱਚ ਦਿੱਤੇ ਰਾਖਵਾਂਕਰਨ ਦੀ ਹਮਾਇਤ ਕਰਦੇ ਹਾਂ।’’ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਰਾਖਵਾਂਕਰਨ ਦਾ ਮਤਲਬ ਸਿਰਫ਼ ਵਿੱਤੀ ਜਾਂ ਸਿਆਸੀ ਬਰਾਬਰੀ ਯਕੀਨੀ ਬਣਾਉਣ ਨਹੀਂ ਬਲਕਿ ‘ਸਤਿਕਾਰ ਦੇਣਾ’ ਵੀ ਹੈ।