ਸੰਗਰੂਰ, 24 ਮਈ
ਸੰਗਰੂਰ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੜ ਵੱਡੇ ਫਰਕ ਨਾਲ ਜਿੱਤ ਲਈ ਹੈ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 1,10, 211 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਜਦੋਂ ਕਿ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਤੀਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ ਹੈ। ਭਗਵੰਤ ਮਾਨ ਨੂੰ 4,13, 561 ਵੋਟਾਂ ਪ੍ਰਾਪਤ ਹੋਈਆਂ ਹਨ ਅਤੇ ਕੇਵਲ ਸਿੰਘ ਢਿੱਲੋਂ ਨੂੰ 3,03,350 ਵੋਟਾਂ ਮਿਲੀਆਂ ਹਨ ਜਦੋਂ ਕਿ ਪਰਮਿੰਦਰ ਸਿੰਘ ਢੀਂਡਸਾ 2,63,498 ਵੋਟਾਂ ਹੀ ਪ੍ਰਾਪਤ ਹੋਈਆਂ ਹਨ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ਼ 48365 ਵੋਟਾਂ ਜਦੋਂ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਜੱਸੀ ਜਸਰਾਜ ਨੂੰ ਸਿਰਫ਼ 20087 ਹੀ ਪ੍ਰਾਪਤ ਹੋਈਆਂ ਹਨ ਜੋ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਸਭ ਤੋਂ ਅਹਿਮ ਗੱਲ ਕਿ ਕੁੱਲ 25 ਉਮੀਦਵਾਰਾਂ ਵਿਚੋਂ ‘‘ ਨੋਟਾ ’’ ਨੇ 6426 ਵੋਟਾਂ ਪ੍ਰਾਪਤ ਕਰਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ।
ਪੰਜਾਬ ਵਿਚੋਂ ਸੰਗਰੂਰ ਅਜਿਹਾ ਹਲਕਾ ਹੈ ਜਿਥੇ ਨਾ ਤਾਂ ਨਰਿੰਦਰ ਮੋਦੀ ਦੀ ਲਹਿਰ ਚੱਲੀ ਤੇ ਨਾ ਹੀ ਸੱਤਾਧਾਰੀ ਕੈਪਟਨ ਸਰਕਾਰ ਦਾ ਜਾਦੂ ਚੱਲਿਆ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਇਸ ਸੀਟ ’ਤੇ ਆਮ ਆਦਮੀ ਪਾਰਟੀ ਦੀ ਬਜਾਏ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ। ਸ੍ਰੀ ਮਾਨ ਪਿਛਲੀ ਵਾਰ ਦੀ ਤਰ੍ਹਾਂ ਕਾਮੇਡੀ ਅਤੇ ਸਿਆਸੀ ਸੁਮੇਲ ਦੇ ਲਗਾਏ ਤੜਕੇ ਨਾਲ ਵੀ ਲੋਕਾਂ ਦੇ ਦਿਲ ਜਿੱਤਣ ’ਚ ਸਫ਼ਲ ਹੋਏ ਹਨ। ਵੋਟਾਂ ਦੀ ਗਿਣਤੀ ਦੌਰਾਨ ਪਹਿਲੇ ਗੇੜ ’ਚ ਹੀ ਭਗਵੰਤ ਮਾਨ ਨੂੰ 11991 ਵੋਟਾਂ ਦੀ ਲੀਡ ਮਿਲ ਗਈ ਜੋ ਹਰ ਗੇੜ ਵਿਚ ਵੱਧਦੀ ਹੀ ਗਈ।
ਭਗਵੰਤ ਮਾਨ ਜਿੱਤਣ ਤੋਂ ਬਾਅਦ ਵੱਡੇ ਕਾਫ਼ਲੇ ਵਿਚ ਧੂਰੀ ਤੋਂ ਸਿੱਧਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਪੁੱਜਿਆ ਜਿਥੇ ਮੱਥਾ ਟੇਕਣ ਤੋਂ ਬਾਅਦ ਆਪਣੀ ਮਾਂ ਹਰਪਾਲ ਕੌਰ ਦਾ ਆਸ਼ੀਰਵਾਦ ਲਿਆ ਤੇ ਕਾਫ਼ਲੇ ਸਮੇਤ ਜੱਦੀ ਪਿੰਡ ਸਤੌਜ ਰਵਾਨਾ ਹੋ ਗਿਆ। ਭਗਵੰਤ ਮਾਨ ਨੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਵਿਚੋਂ ਲੀਡ ਲਈ ਜਦੋਂ ਕਿ ਹਲਕਾ ਲਹਿਰਾਗਾਗਾ ਅਤੇ ਹਲਕਾ ਮਾਲੇਰਕੋਟਲਾ ਵਿਚੋਂ ਘੱਟ ਵੋਟਾਂ ਮਿਲੀਆਂ। ਹਲਕਾ ਲਹਿਰਾਗਾਗਾ ਤੋਂ ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ 8929 ਵੋਟਾਂ ਦੀ ਲੀਡ ਮਿਲੀ। ਉਹ ਇਥੋਂ ਮੌਜੂਦਾ ਵਿਧਾਇਕ ਹਨ। ਹਲਕਾ ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 12476 ਵੋਟਾਂ ਦੀ ਲੀਡ ਲੈਣ ’ਚ ਸਫ਼ਲ ਹੋਏ ਹਨ। ਭਗਵੰਤ ਮਾਨ ਨੂੰ ਕੇਵਲ ਸਿੰਘ ਢਿੱਲੋਂ ਦੇ ਜੱਦੀ ਵਿਧਾਨ ਸਭਾ ਹਲਕਾ ਬਰਨਾਲਾ ਤੋਂ 5423, ਭਦੌੜ ਤੋਂ 10139, ਸੰਗਰੂਰ ਵਿਧਾਨ ਸਭਾ ਹਲਕੇ ਤੋਂ 18843, ਦਿੜਬਾ ਹਲਕੇ ਤੋਂ 29056, ਹਲਕਾ ਧੂਰੀ ਤੋਂ 24071 ਤੇ ਸੁਨਾਮ ਹਲਕੇ ਤੋਂ 19642 ਵੋਟਾਂ ਦੀ ਲੀਡ ਪ੍ਰਾਪਤ ਹੋਈ।
ਜਿੱਤ ਮਗਰੋਂ ਸ੍ਰੀ ਮਾਨ ਨੇ ਕਿਹਾ ਹੈ ਕਿ ਉਸ ਨੇ ਸੰਸਦ ’ਚ ਪੰਜਾਬ ਦੇ ਮੁੱਦਿਆਂ ਨੂੰ ਬੁਲੰਦ ਆਵਾਜ਼ ਵਿਚ ਉਠਾਇਆ ਅਤੇ ਆਪਣੇ ਫੰਡਾਂ ਨੂੰ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜਾਂ ’ਤੇ ਲਾਇਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਹੀਂ ਸਗੋਂ ਸੰਗਰੂਰ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਵਿਰੋਧੀਆਂ ’ਤੇ ਤਨਜ਼ ਕਸਦਿਆਂ ਕਿਹਾ ਕਿ ਜਿਹੜੇ ਲੋਕ ਉਸ ਨੂੰ ਹਰਾਉਣਾ ਚਾਹੁੰਦੇ ਸੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ।