ਸੰਗਰੂਰ,1 ਜਨਵਰੀ

ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵਲੋਂ ਰੁਜ਼ਗਾਰ ਪ੍ਰਾਪਤੀ ਲਈ ਇਥੇ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਲਗਾਏ ਪੱਕੇ ਮੋਰਚੇ ਦੌਰਾਨ ਨਵੇਂ ਸਾਲ ਮੌਕੇ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ। ਬੇਰੁਜ਼ਗਾਰਾਂ ਵਲੋਂ ਐਲਾਨ ਕੀਤਾ ਕਿ ਜੇ ਮਸਲੇ ਹੱਲ ਨਾ ਕੀਤੇ ਤਾਂ ਸਿੱਖਿਆ ਮੰਤਰੀ ਦੇ ਹਲਕੇ ਵਿਚ ਪੰਜਾਬ ਸਰਕਾਰ ਤੇ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ। ਬੇਰੁਜ਼ਗਾਰ ਸਾਂਝਾ ਮੋਰਚੇ ਵਿਚ ਸ਼ਾਮਲ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਡੀਪੀਈ ਅਧਿਆਪਕ ਯੂਨੀਅਨ, 646 ਪੀਟੀਆਈ ਅਧਿਆਪਕ ਯੂਨੀਅਨ ਪੰਜਾਬ , ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਪੰਜਾਬ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਕੱਲ੍ਹ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਸੀ। ਅੱਜ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਸਰਕਾਰ ਨੂੰ ਲਾਹਨਤਾਂ ਪਾ ਕੇ ਕੀਤੀ ਗਈ ਅਤੇ ਘਰ-ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਚੇਤੇ ਕਰਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ,ਕ੍ਰਿਸ਼ਨ ਸਿੰਘ ਨਾਭਾ,ਜਗਸੀਰ ਸਿੰਘ,ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁੱਕਰ ਚੁੱਕੀ ਹੈ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਫ਼ਕੀਰ ਸਿੰਘ ਟਿੱਬਾ ,ਦੇਵੀ ਦਿਆਲ ਅਤੇ ਬੱਗਾ ਸਿੰਘ, ਸਵਰਨਜੀਤ ਸਿੰਘ, ਰਣਵੀਰ ਨਦਾਮਪੁਰ, ਗੁਰਪ੍ਰੀਤ ਸਰਾਂ, ਜਸਕਰਨ ਬਠਿੰਡਾ, ਗੁਰਪ੍ਰੀਤ ਡੂਡੀਆਂ, ਪੰਜਾ ਸਿੰਘ, ਅਮਨ ਸੇਖਾ ਨੇ ਸੰਬੋਧਨ ਕੀਤਾ।