ਸੰਗਰੂਰ, 7 ਜੁਲਾਈ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵਲੋਂ ਸੰਗਰੂਰ ਸਬ ਡਵੀਜ਼ਨ ਵਿਚ ਚੱਲ ਰਹੇ ਵੱਖ-ਵੱਖ ਆਇਲੈੱਟਸ ਕੇਂਦਰਾਂ ਅਤੇ ਇਮੀਗ੍ਰੇਸ਼ਨ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਐੱਸਡੀਐੱਮ ਨਵਰੀਤ ਕੌਰ ਸੇਖੋਂ ਅਤੇ ਡੀਐੱਸਪੀ ਅਜੈਪਾਲ ਸਿੰਘ ਦੀ ਅਗਵਾਈ ਵਾਲੀਆਂ ਤਿੰਨ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਵਲੋਂ ਕੀਤੀ ਚੈਕਿੰਗ ਦੌਰਾਨ ਲਾਇਸੈਂਸ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਵੱਖ-ਵੱਖ ਤਰੁੱਟੀਆਂ ਸਾਹਮਣੇ ਆਉਣ ’ਤੇ ਕੇਂਦਰਾਂ ਨੂੰ ਸੀਲ ਕਰਵਾਇਆ ਗਿਆ। ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੀਆਂ ਹਦਾਇਤਾਂ ’ਤੇ ਸੰਗਰੂਰ ਸਬ ਡਵੀਜ਼ਨ ਵਿੱਚ ਚੱਲ ਰਹੇ ਵੱਖ-ਵੱਖ ਕੇਂਦਰਾਂ ਦੇ ਦਸਤਾਵੇਜ਼ਾਂ ਦੀ ਅਚਨਚੇਤ ਜਾਂਚ ਕਰਨ ਲਈ ਮੁਹਿੰਮ ਚਲਾਈ ਗਈ। ਇਸ ਦੌਰਾਨ ਇਨ੍ਹਾਂ ਕੇਂਦਰਾਂ ਦੇ ਮਾਲਕਾਂ ਤੇ ਨੁਮਾਇੰਦਿਆਂ ਤੋਂ ਆਇਲੈੱਟਸ ਕੇਂਦਰਾਂ ਦੇ ਲਾਇਸੈਂਸ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਤਰੁੱਟੀਆਂ ਸਾਹਮਣੇ ਆਉਣ ’ਤੇ ਮੌਕੇ ’ਤੇ ਹੀ 11 ਕੇਂਦਰਾਂ ਨੂੰ ਸੀਲ ਕਰਵਾਇਆ ਗਿਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਆਇਲੈੱਟਸ ਜਾਂ ਇਮੀਗ੍ਰੇਸ਼ਨ ਸੈਂਟਰ ਨੂੰ ਲੋਕਾਂ ਦੇ ਭਵਿੱਖ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਾਂਚ ਟੀਮਾਂ ਵਿਚ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਤੇ ਥਾਣਾ ਸਿਟੀ ਇੰਚਾਰਜ ਮਾਲਵਿੰਦਰ ਸਿੰਘ ਮੌਜੂਦ ਸਨ।