ਸੰਗਰੂਰ, 5 ਸਤੰਬਰ
ਸੰਗਰੂਰ ਪੁਲੀਸ ਨੇ ਅਕਾਲੀ ਸਮਰਥਕ ਤੇ ਪ੍ਰਾਪਰਟੀ ਡੀਲਰ ਅਤੇ ਉਸ ਦੀ ਪਤਨੀ ਦੇ ਕਤਲ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਕੌਂਸਲਰ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਕੇਸ ਵਿੱਚ ਲੋੜੀਂਦੇ ਦੋ ਹੋਰ ਵਿਅਕਤੀ ਅਜੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ।
ਉਪ ਕਪਤਾਨ ਪੁਲੀਸ ਸਤਪਾਲ ਸ਼ਰਮਾ ਨੇ ਦੱਸਿਆ ਕਿ ਚਰਨਜੀਤ ਗਰਗ ਅਤੇ ਉਸ ਦੀ ਪਤਨੀ ਪੂਜਾ ਗਰਗ ਦੇ ਕਤਲ ਦੇ ਦੋਸ਼ ਹੇਠ ਸਾਬਕਾ ਨਗਰ ਕੌਂਸਲਰ ਅਨੁਪਮ ਅਤੇ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਕੇਸ ਵਿੱਚ ਲੋੜੀਂਦੇ ਜੱਸੀ ਅਤੇ ਜੱਜੂ ਅਜੇ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕਰਨ ਮਗਰੋਂ ਦੋਵਾਂ ਨੂੰ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ ਅਦਾਲਤ ਤੋਂ ਸੱਤ ਰੋਜ਼ਾ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਦੋਵਾਂ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਵਾਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਘਟਨਾ ਮੌਕੇ ਵਰਤਿਆ ਅਸਲਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰਨੇ ਬਾਕੀ ਹਨ।
ਜ਼ਿਕਰਯੋਗ ਹੈ ਕਿ 2 ਸਤੰਬਰ ਦੀ ਰਾਤ ਨੂੰ ਅਕਾਲੀ ਸਮਰਥਕ ਪਤੀ-ਪਤਨੀ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਸਿਟੀ ਪੁਲੀਸ ਨੇ ਸਾਬਕਾ ਕਾਂਗਰਸੀ ਕੌਂਸਲਰ ਅਨੁਪਮ ਉਰਫ਼ ਪੌਂਪੀ, ਪ੍ਰਦੀਪ ਕੁਮਾਰ, ਜੱਸੀ ਤੇ ਜੱਜੂ ਵਾਸੀ ਸੰਗਰੂਰ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਸੀ। ਇਨ੍ਹਾਂ ਚਾਰਾਂ ਵਿੱਚੋਂ ਦੋ ਦੀ ਗ੍ਰਿਫ਼ਤਾਰ ਬਾਕੀ ਹੈ।