ਸੰਗਰੂਰ, ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਵਲੋਂ ਗੈਂਗਸਟਰ ਰਵੀ ਦਿਓਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਥਾਣਾ ਸਿਟੀ ਪੁਲੀਸ ਵੱਲੋਂ 11 ਦਿਨ ਦੇ ਪੁਲੀਸ ਰਿਮਾਂਡ ਦੌਰਾਨ ਇਰਾਦਾ ਕਤਲ ਦੇ ਇੱਕ ਕੇਸ ਵਿਚ ਗੈਂਗਸਟਰ ਰਵੀ ਦਿਓਲ ਪਾਸੋਂ ਇੱਕ ਕਾਰ ਬਰਾਮਦ ਕੀਤੀ ਹੈ। ਭਾਵੇਂ ਅੱਜ ਪੁਲੀਸ ਵਲੋਂ ਅਦਾਲਤ ਪਾਸੋਂ ਦੋ ਦਿਨਾਂ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰੰਤੂ ਅਦਾਲਤ ਵਲੋਂ ਪੁਲੀਸ ਰਿਮਾਂਡ ਨਹੀਂ ਦਿੱਤਾ ਅਤੇ 23 ਫਰਵਰੀ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਥਾਣਾ ਸਿਟੀ ਪੁਲੀਸ ਵਲੋਂ ਅੱਜ ਰਵੀ ਦਿਓਲ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਬਚਾ ਕੇ ਅਦਾਲਤੀ ਕੰਪਲੈਕਸ ਦੇ ਪਿਛਲੇ ਰਸਤੇ ਰਾਹੀਂ ਐਤਵਾਰ ਵਾਲੇ ਦਿਨ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਰਵੀ ਦਿਓਲ ਨੂੰ 23 ਫਰਵਰੀ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ। ਜਾਂਦਿਆਂ ਜਾਂਦਿਆਂ ਮੀਡੀਆ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਰਵੀ ਦਿਓਲ ਨੇ ਕਿਹਾ ਕਿ ਉਸਨੇ ਆਪਣੀ ਮਰਜ਼ੀ ਨਾਲ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ ਅਤੇ ਉਸਦੇ ਕਿਸੇ ਕਾਂਗਰਸੀ ਨਾਲ ਕੋਈ ਸਬੰਧ ਨਹੀਂ ਹਨ। ਰਵੀ ਦਿਓਲ ਦੇ ਵਕੀਲ ਅਸ਼ਵਨੀ ਚੌਧਰੀ ਨੇ ਕਿਹਾ ਕਿ ਪੁਲੀਸ ਇਸ ਕੇਸ ਵਿਚ ਪਹਿਲਾਂ ਹੀ 11 ਦਿਨਾਂ ਦਾ ਰਿਮਾਂਡ ਲੈ ਚੁੱਕੀ ਹੈ ਜਿਸ ਕਰਕੇ ਅਦਾਲਤ ਵਲੋਂ ਹੋਰ ਰਿਮਾਂਡ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਵੀ ਨੂੰ ਮੁੜ 23 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਬੰਧ ਵਿਚ ਸ੍ਰੀ ਹਰਮੀਤ ਸਿੰਘ ਹੁੰਦਲ ਐਸਪੀ (ਡੀ) ਦਾ ਕਹਿਣਾ ਹੈ ਕਿ ਪੁਲੀਸ ਨੇ ਰਵੀ ਦਿਓਲ ਪਾਸੋਂ ਇੱਕ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਮੁੰਬਈ ਨਹੀਂ ਲਿਜਾਇਆ ਗਿਆ।
ਓਧਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਰਵੀ ਦਿਓਲ ਦੇ ਪੁਲੀਸ ਰਿਮਾਂਡ ਬਾਰੇ ਸੰਗਰੂਰ ਪੁਲੀਸ ਤੋਂ ਜਾਣਕਾਰੀ ਪ੍ਰਾਪਤ ਕਰਨਗੇ ਕਿ 11 ਦਿਨਾਂ ਵਿਚ ਰਿਮਾਂਡ ’ਚੋ ਕੀ ਨਿਕਲਿਆ ਹੈ ਅਤੇ ਕਿਹੜੇ ਵਿਅਕਤੀਆਂ ਦੇ ਨਾਮ ਲਏ ਹਨ ਅਤੇ ਉਹਨ੍ਹਾਂ ਵਿਅਕਤੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ 30 ਜਨਵਰੀ ਨੂੰ ਅਦਾਲਤ ਵਿਚ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਵਲੋਂ 3 ਦਿਨਾਂ ਦੇ ਪੁਲੀਸ ਰਿਮਾਂਡ ਮਗਰੋਂ 3 ਫਰਵਰੀ ਨੂੰ ਪੇਸ਼ੀ ਦੌਰਾਨ ਅਦਾਲਤੀ ਕੰਪਲੈਕਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਤੇ ਉਸਦੇ ਸਾਥੀ ਮਨੂੰ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਸਨ ਜਿਸਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਪੂਰੀ ਤਰਾਂ ਗਰਮਾ ਗਈ ਸੀ।