ਸੰਗਤ ਮੰਡੀ, 2 ਜੁਲਾਈ
ਸਮੁੱਚੇ ਸੂਬੇ ਵਿੱਚ ਚੱਲ ਰਹੇ ਬਿਜਲੀ ਦੇ ਭਾਰੀ ਸੰਕਟ ਦੇ ਦੌਰਾਨ ਲੱਗ ਰਹੇ ਲੰਬੇ ਕੱਟਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਗਰਿੱਡਾਂ ਅੱਗੇ ਲਾਏ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਅੱਜ ਸੰਗਤ ਮੰਡੀ ਦੇ ਗਰਿੱਡ ਅੱਗੇ ਵੀ ਅਕਾਲੀਆਂ ਵੱਲੋਂ ਧਰਨਾ ਲਾਇਆ ਗਿਆ। ਇਸ ਮੌਕੇ ਹਲਕਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸੂਬੇ ਵਿੱਚ ਚੱਲ ਰਹੇ ਬਿਜਲੀ ਸੰਕਟ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਬਿਜਲੀ ਆਮ ਸੀ ਪਰ ਕਾਂਗਰਸ ਸਰਕਾਰ ਦੇ ਆਉਂਦਿਆਂ ਸੂਬੇ ਦੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ। ਬਿਜਲੀ ਸਪਲਾਈ ਨਾ ਆਉਣ ਕਾਰਨ ਝੋਨਾ ਸੁੱਕ ਗਿਆ ਅਤੇ ਘਰਾਂ ਵਿੱਚ ਵੀ ਹਨੇਰਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੀ ਬਾਂਹ ਫੜਨ ਦੀ ਬਜਾਏ ਐਸ਼ ਪ੍ਰਸਤੀ ਵਿੱਚ ਡੁੱਬਿਆ ਹੋਇਆ ਹੈ ਅਤੇ ਸੀਤਾ ਫਲ ਅਤੇ ਚੀਕੂ ਭਾਲ ਰਿਹਾ ਹੈ। ਸਮੁੱਚੇ ਸੂਬੇ ਦੇ ਲੋਕਾਂ ਤੋਂ ਇਲਾਵਾ ਕੈਪਟਨ ਦੇ ਜੱਦੀ ਪਿੰਡ ਮਹਿਰਾਜ ਦੇ ਲੋਕ ਵੀ ਬਿਜਲੀ ਸਪਲਾਈ ਪੂਰੀ ਨਾ ਹੋਣ ਦੇ ਰੋਸ ਵਜੋਂ ਸੜਕਾਂ ਤੇ ਉਤਰੇ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਲਈ ਸਰਕਾਰ ਆਉਣ ’ਤੇ ਤਿੰਨ ਸੌਂ ਯੂਨਿਟ ਬਿਜਲੀ ਮੁਆਫ਼ ਕਰਨ ਦੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਨਹੀਂ ਭਰਮਾ ਸਕਦੇ। ਜੇ ਤਿੰਨ ਸੌ ਤੋਂ ਇੱਕ ਵੀ ਯੂਨਿਟ ਉੱਪਰ ਆਉਂਦੀ ਹੈ ਤਾਂ ਪੂਰਾ ਬਿਲ ਦੇਣਾ ਪਵੇਗਾ। ਅਕਾਲੀ ਵਰਕਰਾਂ ਵੱਲੋਂ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਹਲਕਾ ਦਿਹਾਤੀ ਦੇ ਇੰਚਾਰਜ ਦਰਸ਼ਨ ਸਿੰਘ ਕੋਟਫੱਤਾ,ਨਗਰ ਕੌਂਸਲ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਰੇਸ਼ਮ ਸਿੰਘ ਸੰਗਤ, ਜਥੇਦਾਰ ਜਗਸੀਰ ਸਿੰਘ ਬੱਲੂਆਣਾ ਅਤੇ ਜਥੇਦਾਰ ਮੱਖਣ ਸਿੰਘ ਗਹਿਰੀ ਬੁੱਟਰ ਹਾਜ਼ਰ ਸਨ।