ਅਜਨਾਲਾ, ਅਜਨਾਲਾ ਸ਼ਹਿਰ ਤੋਂ ਫਤਹਿਗੜ ਚੂੜੀਆਂ ਨੂੰ ਜਾਣ ਵਾਲੀ ਸੜਕ ਤੇ ਗੈਰ-ਕਾਨੂੰਨੀ ਤੌਰ ’ਤੇ ਖੜ੍ਹਦੀਆਂ ਬੱਸਾਂ ਹਰ ਸਮੇਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਬੇਤਰਤੀਬੀ ਤੌਰ ’ਤੇ ਸੜਕ ਕਿਨਾਰੇ ਬਿਨਾਂ ਵਜ੍ਹਾ ਖੜ੍ਹੀਆਂ ਬੱਸਾਂ, ਸ਼ਹਿਰ ਵਿੱਚ ਬਣੇ ਨਵੇਂ ਬੱਸ ਅੱਡੇ ’ਤੇ ਨਹੀਂ ਜਾਂਦੀਆਂ ਜਦੋਂਕਿ ਐਸਡੀਐਮ ਅਜਨਾਲਾ ਤੇ ਨਗਰ ਪੰਚਾਇਤ ਦੇ ਸਬੰਧਤ ਅਧਿਕਾਰੀ ਕਈ ਵਾਰ ਬੱਸ ਡਰਾਈਵਰਾਂ ਤੇ ਮਾਲਕਾਂ ਨੂੰ ਲਿਖਤੀ ਤੇ ਜ਼ੁਬਾਨੀ ਆਦੇਸ਼ ਵੀ ਦੇ ਚੁੱਕੇ ਹਨ ਕਿ ਸੜਕ ’ਤੇ ਬੱਸਾਂ ਖੜ੍ਹੀਆਂ ਕਰਨ ਦੀ ਥਾਂ ਬੱਸ ਅੱਡੇ ਤੇ ਬੱਸਾਂ ਲੈ ਜਾਈਆਂ ਜਾਣ। ਸਰਕਾਰੀ ਫੁਰਮਾਨਾਂ ਨੂੰ ਟਿੱਚ ਜਾਣਦਿਆਂ ਹੋਇਆਂ ਬੱਸ ਡਰਾਈਵਰ ਬੱਸ ਮਾਲਕਾਂ ਦੀ ਸ਼ਹਿਰ ਤੇ ਅੱਡੇ ਵਿੱਚ ਬੱਸਾਂ ਲੈ ਜਾਣ ਦੀ ਥਾਂ ਫਤਹਿਗੜ੍ਹ ਚੂੜੀਆਂ ਨੂੰ ਜਾਂਦੀ ਸੜਕ ’ਤੇ ਬੱਸਾਂ ਨੂੰ ਖੜ੍ਹੀਆਂ ਕਰਕੇ ਸਵਾਰੀਆਂ ਬਿਠਾਉਂਦੇ ਹਨ। ਸਰਕਾਰ ਬਦਲਣ ਦਾ ਵੀ ਬੱਸ ਮਾਲਕਾਂ ’ਤੇ ਕੋਈ ਅਸਰ ਨਹੀਂ ਨਜ਼ਰ ਆਉਂਦਾ। ਸਗੋਂ ਪਹਿਲੀ ਸਰਕਾਰ ਸਮੇਂ ਵਾਂਗ ਇਸ ਸਰਕਾਰ ਦੇ ਸ਼ਾਸਨਕਾਲ ਵਿਚ ਵੀ ਉਹ ਉਸੇ ਤਰ੍ਹਾਂ ਹੀ ਕਰਦੇ ਨਜ਼ਰ ਆ ਰਹੇ ਹਨ। ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜੋਰਾਵਰ ਸਿੰਘ ਨੇ ਦੱਸਿਆ ਕਿ ਕਈ ਵਾਰ ਮੀਟਿੰਗਾਂ ਕਰਕੇ ਨਿੱਜੀ ਬੱਸ ਮਾਲਕਾਂ ਤੇ ਡਰਾਈਵਰਾਂ ਨੂੰ ਕਿਹਾ ਜਾ ਚੁੱਕਾ ਹੈ ਕਿ ਉਹ ਨਵੇਂ ਬੱਸ ਸਟੈਂਡ ਤੇ ਬੱਸਾਂ ਲੈ ਕੇ ਜਾਣ ਪਰ ਬੱਸ ਮਾਲਕਾਂ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕੀ। ਬੱਸਾਂ ਅੱਡੇ ਵਿੱਚ ਨਾ ਜਾਣ ਕਾਰਨ ਫਤਹਿਗੜ੍ਹ ਚੂੜੀਆਂ ਅਤੇ ਉਨ੍ਹਾਂ ਤੋਂ ਅੱਗੇ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਦਿੱਕਤਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।